ਪਿੰਡ ਭਾਗੋ ਕੇ ’ਚ ਚੱਲੀਆਂ ਗੋਲੀਆਂ
ਜ਼ੀਰਾ, 17 ਜੂਨ :– ਪੰਜਾਬ ਦੇ ਜ਼ੀਰਾ ਇਲਾਕੇ ਦੇ ਪਿੰਡ ਭਾਗੋ ਕੇ ’ਚ ਜ਼ਮੀਨੀ ਵਿਵਾਦ ਨੇ ਖੂਨੀ ਰੂਪ ਧਾਰਨ ਕਰ ਲਿਆ, ਜਿਸ ’ਚ 17 ਸਾਲਾ ਨੌਜਵਾਨ ਕਰਮਨਜੋਤ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਮੁਤਾਬਿਕ ਬੀਤੀ ਰਾਤ ਪਿੰਡ ਦੇ ਕੁਝ ਵਿਅਕਤੀ ਤੇਜ਼ਧਾਰ ਹਥਿਆਰਾਂ ਅਤੇ ਅਸਲੇ ਨਾਲ ਲੈੱਸ ਹੋ ਕੇ ਫਿਰਨੀ ਦੀ ਜ਼ਮੀਨ ਨੂੰ ਵਾਹ ਕੇ ਆਪਣੇ ਖੇਤਾਂ ’ਚ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਜਦੋਂ ਪਿੰਡ ਵਾਸੀਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਵਿਵਾਦ ਨੇ ਹਿੰਸਕ ਰੂਪ ਲੈ ਲਿਆ।
ਝਗੜੇ ਦੌਰਾਨ ਮੁਲਜ਼ਮਾਂ ਨੇ ਗੋਲੀਆਂ ਚਲਾਈਆਂ, ਜਿਸ ’ਚ ਕਰਮਨਜੋਤ ਦੀ ਛਾਤੀ ’ਚ ਗੋਲੀ ਲੱਗੀ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਘਟਨਾ ’ਚ ਇਕ ਹੋਰ ਵਿਅਕਤੀ ਨੂੰ ਧੋਣ ਨੇੜੇ ਗੋਲੀ ਲੱਗੀ, ਜੋ ਖਤਰੇ ਤੋਂ ਬਾਹਰ ਹੈ। ਦੋ ਹੋਰ ਵਿਅਕਤੀਆਂ ਨੂੰ ਬੰਦੂਕ ਦੀਆਂ ਬੱਟਾਂ ਨਾਲ ਸੱਟਾਂ ਲੱਗੀਆਂ। ਜ਼ਖਮੀਆਂ ਨੂੰ ਜ਼ੀਰਾ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾਰੀ ਹੈ। ਪਿੰਡ ’ਚ ਤਣਾਅ ਅਤੇ ਡਰ ਦਾ ਮਾਹੌਲ ਹੈ ਜਦ ਕਿ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਨੌਜਵਾਨ ਦੀ ਮੌਤ ਨੂੰ ਲੈ ਕੇ ਸਦਮੇ ਵਿਚ ਹਨ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
Read More : ਅੰਤਰਰਾਸ਼ਟਰੀ ਡਰੱਗ ਅਤੇ ਹਵਾਲਾ ਰੈਕੇਟ ਦਾ ਪਰਦਾਫਾਸ਼