8 ਲੋਕਾਂ ਦੀ ਮੌਤ, ਬਚਾਅ ਕਾਰਜ ਜਾਰੀ
ਵਡੋਦਰਾ, 9 ਜੁਲਾਈ : ਗੁਜਰਾਤ ਵਿਚ ਵੱਡਾ ਹਾਦਸਾ ਵਾਪਰਿਆ,ਜਿੱਥੇ ਵਡੋਦਰਾ ਅਤੇ ਆਨੰਦ ਨੂੰ ਜੋੜਨ ਵਾਲੀ ਮਹੀਸਾਗਰ ਨਦੀ ਉਤੇ ਬਣਿਆ ਇਕ ਪੁਰਾਣਾ ਪੁਲ ਸਵੇਰੇ ਅਚਾਨਕ ਟੁੱਟ ਗਿਆ, ਕਾਰਨ ਹਫੜਾ-ਦਫੜੀ ਮਚ ਗਈ। ਇਸ ਪੁੱਲ ‘ਤੇ ਚੱਲ ਰਹੇ ਕਰੀਬ ਅੱਧਾ ਦਰਜਨ ਵਾਹਨ ਨਦੀ ਵਿਚ ਡਿੱਗ ਗਏ। ਇਕ ਟੈਂਕਰ ਪੁਲ ਦੇ ਕਿਨਾਰੇ ‘ਤੇ ਲਟਕਦਾ ਰਿਹਾ। ਇਸ ਹਾਦਸੇ ਵਿਚ 8 ਲੋਕਾਂ ਦੀ ਮੌਤ ਹੋ ਗਈ ਹੈ।
ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਹਾਲਾਂਕਿ, ਇਸ ਘਟਨਾ ਵਿਚ ਕਿੰਨੇ ਲੋਕ ਦਰਿਆ ਵਿੱਚ ਡਿੱਗੇ ਹਨ, ਇਸ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਟਰੱਕ, ਕਾਰ, ਦੋਪਹੀਆ ਵਾਹਨ ਸਮੇਤ 5 ਵਾਹਨ ਦਰਿਆ ਵਿਚ ਡੁੱਬ ਗਏ।
ਇੱਕ ਟਰੱਕ ਪੁਲ ਦੇ ਵਿਚਕਾਰ ਲਟਕ ਰਿਹਾ ਹੈ। ਨਦੀ ਵਿੱਚ ਫਸੇ ਵਾਹਨਾਂ ਅਤੇ ਲੋਕਾਂ ਨੂੰ ਕੱਢਣ ਲਈ ਬਚਾਅ ਕਾਰਜ ਜਾਰੀ ਹਨ। ਫਾਇਰ ਵਿਭਾਗ ਦੀ ਇਕ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ। ਗੋਤਾਖੋਰਾਂ ਦੀ ਮਦਦ ਨਾਲ ਨਦੀ ਵਿਚ ਡਿੱਗਣ ਵਾਲੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
ਪਾਦਰਾ ਪੁਲਿਸ ਇੰਸਪੈਕਟਰ ਵਿਜੇ ਚਰਨ ਨੇ ਦੱਸਿਆ ਕਿ ਸਵੇਰੇ ਲਗਭਗ 7.30 ਵਜੇ ਮਹੀਸਾਗਰ ਨਦੀ ‘ਤੇ ਬਣੇ ਪੁਲ ਦਾ ਇਕ ਹਿੱਸਾ ਡਿੱਗ ਗਿਆ ਅਤੇ ਕਈ ਵਾਹਨ ਨਦੀ ਵਿਚ ਡਿੱਗ ਗਏ। ਅਸੀਂ ਹੁਣ ਤੱਕ 5 ਲੋਕਾਂ ਨੂੰ ਬਚਾਇਆ ਹੈ।
Read More : ਮਾਰਬਲ ਟਾਈਲਾਂ ਨਾਲ ਭਰਿਆ ਫੋਰ-ਵ੍ਹੀਲਰ ਪਲਟਿਆ, 3 ਲੋਕਾਂ ਦੀ ਮੌਤ
