ਚਾਰ ਦਿਨਾਂ ਤੋਂ ਕਾਂਗਰਸ ਹਾਈਕਮਾਨ ਬਿਲਕੁਲ ਚੁੱਪ
ਚੰਡੀਗੜ੍ਹ, 9 ਦਸੰਬਰ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ’ਤੇ ਕਾਂਗਰਸ ਪਾਰਟੀ ਨੂੰ ਘੇਰਦਿਆਂ ਪਾਰਟੀ ਨੂੰ ਆਪਣੇ ਦਫ਼ਤਰ ਦੇ ਬਾਹਰ ਇਕ ‘ਰੇਟ ਲਿਸਟ’ ਲਾਉਣ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਬੋਰਡਾਂ ਤੋਂ ਲੋਕਾਂ ਨੂੰ ਮੁੱਖ ਮੰਤਰੀ, ਕੈਬਨਿਟ ਮੰਤਰੀ, ਸੰਸਦ ਮੈਂਬਰ, ਵਿਧਾਨ ਸਭਾ ਮੈਂਬਰ ਅਤੇ ਪੰਚਾਇਤ ਚੋਣਾਂ ਸਮੇਤ ਹੋਰ ਅਹੁਦਿਆਂ ਲਈ ਟਿਕਟਾਂ ਪ੍ਰਾਪਤ ਕਰਨ ਸਬੰਧੀ ਨਿਰਧਾਰਤ ਕੀਤੀ ਕੀਮਤ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਇਹ ਸਭ ਬਿਕਾਉ ਹਨ।
ਪਾਰਟੀ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਡਾ. ਨਵਜੋਤ ਕੌਰ ਸਿੱਧੂ ਵੱਲੋਂ ਮੁੱਖ ਮੰਤਰੀ ਦੀ ਟਿਕਟ 500 ਕਰੋੜ ਰੁਪਏ ’ਚ ਵੇਚਣ ਦੇ ਦੋਸ਼ਾਂ ਸਬੰਧੀ ਕਿਹਾ ਕਿ ਹੁਣ ਤੱਕ ਤਾਂ ਇਹ ਰੇਟ ਹੋਰ ਵਧ ਗਿਆ ਹੋਵੇਗਾ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਚਾਰ ਦਿਨ ਬੀਤ ਜਾਣ ਤੋਂ ਬਾਅਦ ਵੀ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਇਹ ਸਪੱਸ਼ਟ ਕਰਨ ਲਈ ਕੋਈ ਬਿਆਨ ਨਹੀਂ ਆਇਆ ਕਿ ਇਹ ਪੈਸਾ ਕਿੱਥੇ ਜਾਂਦਾ ਹੈ।
ਉਨ੍ਹਾਂ ਸੁਨੀਲ ਜਾਖੜ ਵੱਲੋਂ ਲਾਏ ਦੋਸ਼ ਦਾ ਮੁੱਦਾ ਵੀ ਚੁੱਕਿਆ, ਜਿਸ ’ਚ ਉਨ੍ਹਾਂ ਕਿਹਾ ਸੀ ਕਿ ਚਰਨਜੀਤ ਸਿੰਘ ਚੰਨੀ ਨੇ 350 ਕਰੋੜ ਰੁਪਏ ’ਚ ਮੁੱਖ ਮੰਤਰੀ ਦਾ ਅਹੁਦਾ ਹਾਸਲ ਕੀਤਾ ਸੀ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਦੇ ਨਾਲ-ਨਾਲ ਸੰਸਦ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਇਸ ਮਾਮਲੇ ’ਤੇ ਧਾਰੀ ਹੈਰਾਨੀਜਨਕ ਚੁੱਪ ਵੱਲ ਵੀ ਇਸ਼ਾਰਾ ਕੀਤਾ।
ਕਰਨਾਟਕ ਦੇ ਉਪ ਮੁੱਖ ਮੰਤਰੀ ਡੀ. ਕੇ. ਸ਼ਿਵ ਕੁਮਾਰ ਵੱਲੋਂ ਨਵਜੋਤ ਕੌਰ ਸਿੱਧੂ ਨੂੰ ਮਨੋਵਿਗਿਆਨਕ ਇਲਾਜ ਕਰਵਾਉਣ ਦੀ ਸਲਾਹ ’ਤੇ ਉਨ੍ਹਾਂ ਕਿਹਾ ਕਿ ਕੈਂਸਰ ਵਿਰੁੱਧ ਆਪਣੀ ਜੰਗ ਜਿੱਤਣ ਤੋਂ ਬਾਅਦ ਹੁਣ ਉਹ ਪੰਜਾਬ ਦੇ ਲੋਕਾਂ ਲਈ ਲੜਾਈ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਨਵਜੋਤ ਕੌਰ ਸਿੱਧੂ ਨੂੰ ਨਹੀਂ ਸਗੋਂ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ‘ਮਨੋਵਿਗਿਆਨਕ ਇਲਾਜ’ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਵੀ ਘੱਟ ਦੋਸ਼ੀ ਨਹੀਂ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਰਾਹੀਂ ਅਹੁਦੇ ਹਾਸਲ ਕਰਨ ਵਾਲੇ ਦੋ ਆਗੂ ਹੁਣ ਭਾਜਪਾ ’ਚ ਹਨ ਅਤੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਭਾਜਪਾ ਦੇ ਈਮਾਨਦਾਰੀ ਦੇ ਦਾਅਵੇ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਦੋਵਾਂ ਆਗੂਆਂ ਨੂੰ ਤੁਰੰਤ ਪਾਰਟੀ ’ਚੋਂ ਕੱਢ ਦੇਣਾ ਜਾਣਾ ਚਾਹੀਦਾ ਸੀ।
ਉਨ੍ਹਾਂ ਕਿਹਾ ਕਿ 2017 ’ਚ ’ਆਪ’ ਨੇ 20 ਸੀਟਾਂ ਜਿੱਤਣ ਉਪਰੰਤ ਵਿਰੋਧੀ ਧਿਰ ’ਚ ਹੁੰਦਿਆਂ 77 ਸੀਟਾਂ ਨਾਲ ਸਰਕਾਰ ਬਣਾਉਣ ਵਾਲੀ ਕਾਂਗਰਸ ਪਾਰਟੀ ਦੇ ਭ੍ਰਿਸ਼ਟਾਚਾਰ ਦਾ ਪਰਦਾਫ਼ਾਸ਼ ਕੀਤਾ ਸੀ।
Read More : ਆਪ੍ਰੇਸ਼ਨ ਸੀਲ-23 ; 65 ਐਂਟਰੀ ਪੁਆਇੰਟ ਸੀਲ, 3 ਗ੍ਰਿਫ਼ਤਾਰ
