ਸਿੱਖਿਆ ਮੰਤਰੀ ਦੀ ਅਗਵਾਈ ਵਿੱਚ ਉੱਚ-ਪੱਧਰੀ ਵਫ਼ਦ ਨੇ ‘ਇੰਡੀਆ ਏ.ਆਈ. ਇੰਪੈਕਟ ਐਕਸਪੋ 2026’ ਵਿੱਚ ਲਿਆ ਹਿੱਸਾ
ਚੰਡੀਗੜ੍ਹ/ਨਵੀਂ ਦਿੱਲੀ, 21 ਫਰਵਰੀ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਦੇ ਇੱਕ ਉੱਚ-ਪੱਧਰੀ ਵਫ਼ਦ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ‘ਇੰਡੀਆ ਏ.ਆਈ. ਇੰਪੈਕਟ ਐਕਸਪੋ 2026’ ਵਿੱਚ ਸ਼ਿਰਕਤ ਕੀਤੀ। ਇਸ ਦੌਰੇ ਦਾ ਮੁੱਖ ਮਕਸਦ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਮਨਸੂਈ ਬੌਧਿਕਤਾ (ਆਰਟੀਫੀਸ਼ੀਅਲ ਇੰਟੈਲੀਜੈਂਸ – ਏ.ਆਈ.) ਅਧਾਰਤ ਆਧੁਨਿਕ ਤਕਨੀਕਾਂ ਨੂੰ ਲਾਗੂ ਕਰਨ ਲਈ ਵਿਸ਼ਵ ਪੱਧਰੀ ਕੰਪਨੀਆਂ ਨਾਲ ਰਣਨੀਤਕ ਸਾਂਝ ਪਾਉਣਾ ਹੈ।
ਵਫ਼ਦ ਵਿੱਚ ਸਿੱਖਿਆ ਸਕੱਤਰ ਸੋਨਾਲੀ ਗਿਰਿ, ਪੀ.ਐਸ.ਈ.ਬੀ. ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਅਤੇ ਡੀ.ਜੀ.ਐਸ.ਈ. ਸ੍ਰੀ ਅਰਵਿੰਦ ਵੀ ਸ਼ਾਮਲ ਸਨ। ਸਿੱਖਿਆ ਮੰਤਰੀ ਨੇ ਗੂਗਲ, ਡੇਲੋਇਟ, ਇੰਟੈਲ, ਓਪਨ ਏਆਈ, ਨਵੀਡੀਆ ਅਤੇ ਡੈਲ ਵਰਗੀਆਂ ਦਿੱਗਜ ਤਕਨਾਲੋਜੀ ਫਰਮਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਉੱਨਤ ਏ.ਆਈ. ਤਕਨੀਕਾਂ ਅਪਨਾਉਣ ਅਤੇ ਭਵਿੱਖੀ ਸਿੱਖਿਆ ਮਾਡਲਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ।
ਸਿੱਖਿਆ ਮੰਤਰੀ ਨੇ ਵਾਧਵਾਨੀ ਏਆਈ, ਜੀਐਨਏਐਨਆਈ.ਏਆਈ ਅਤੇ ਬੋਧ ਏਆਈ ਵਰਗੀਆਂ ਮੋਹਰੀ ਕੰਪਨੀਆਂ ਨਾਲ ਏਆਈ-ਸਮਰੱਥ ਸਕੂਲ ਸਿੱਖਿਆ ਐਪਲੀਕੇਸ਼ਨਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਵਿੱਚ ਵਿਅਕਤੀਗਤ ਅਨੁਕੂਲ ਸਿਖਲਾਈ (ਪੀ.ਏ.ਐਲ.), ਬੁਨਿਆਦੀ ਸਾਖ਼ਰਤਾ ਅਤੇ ਗਣਿਤ ਸਿੱਖਿਆ (ਐਫ.ਐਲ.ਐਨ.), ਏਆਈ-ਸਮਰਥਿਤ ਮੁਲਾਂਕਣ ਅਤੇ ਬਹੁ-ਭਾਸ਼ਾਈ ਸਿਖਲਾਈ ਟੂਲਜ਼ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ।
ਹਰਜੋਤ ਸਿੰਘ ਬੈਂਸ ਨੇ ਐਕਸਪੋ ਵਿਖੇ ‘ਪੰਜਾਬ ਸਟਾਰਟਅੱਪ ਪੈਵੇਲੀਅਨ’ ਦਾ ਦੌਰਾ ਵੀ ਕੀਤਾ। ਉਨ੍ਹਾਂ ਕਿਹਾ ਕਿ ਨਵੀਡੀਆ, ਗੂਗਲ ਅਤੇ ਓਪਨ ਏਆਈ ਵਰਗੀਆਂ ਆਲਮੀ ਕੰਪਨੀਆਂ ਨਾਲ ਹੋਈ ਗੱਲਬਾਤ ਨੇ ਸਾਨੂੰ ਇੱਕ ਸਪੱਸ਼ਟ ਭਵਿੱਖੀ ਦਿਸ਼ਾ ਦਿੱਤੀ ਹੈ। ਅਸੀਂ ਅਜਿਹਾ ਮਾਡਲ ਤਿਆਰ ਕਰਾਂਗੇ ਜਿੱਥੇ ਤਕਨਾਲੋਜੀ ਅਧਿਆਪਕਾਂ ਲਈ ਇੱਕ ਸਾਰਥਕ ਸਾਧਨ ਅਤੇ ਵਿਦਿਆਰਥੀਆਂ ਲਈ ਇੱਕ ਨਿੱਜੀ ਗਾਈਡ ਵਜੋਂ ਕੰਮ ਕਰੇਗੀ। ਉਨ੍ਹਾਂ ਦੱਸਿਆ ਕਿ ਇਹ ਕਦਮ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਵਿੱਖ ਦੇ ਹਾਣ ਦਾ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ।
Read More : ਛੱਤਬੀੜ ਚਿੜੀਆਘਰ ਵਿਚ ਗਰਿਮਾ, ਗੁੰਜਨ ਅਤੇ ਗ਼ਜ਼ਲ ਦੀ ਦਸਤਕ
