ਅੰਮ੍ਰਿਤਸਰ , 5 ਅਕਤੂਬਰ : ਜ਼ਿਲਾ ਅੰਮ੍ਰਿਤਸਰ ਸਟੇਸ਼ਨ ’ਤੇ ਰੇਲ ਗੱਡੀ ਨੰਬਰ 15707 ’ਚ ਇਕ ਯਾਤਰੀ ਸਫਰ ਕਰ ਰਿਹਾ ਸੀ, ਇਸ ਦੌਰਾਨ ਉਸ ਨੇ ਆਪਣੇ ਸਿਰਹਾਣੇ ਦੇ ਕਵਰ ’ਚ ਕਰੀਬ ਪੌਣੇ 2 ਲੱਖ ਰੁਪਏ ਰੱਖੇ ਹੋਏ ਸਨ ਅਤੇ ਉਹ ਜਲਦਬਾਜੀ ’ਚ ਆਪਣਾ ਕੈਸ਼ ਗੱਡੀ ਵਿਚ ਹੀ ਭੁੱਲ ਗਿਆ।
ਇਹ ਜਾਣਕਾਰੀ ਦਿੰਦੇ ਹੋਏ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਰੇਲ ਗੱਡੀ ਤੋਂ ਉਤਰਨ ਤੋਂ ਬਾਅਦ ਉਸ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ ਅਤੇ ਉਸ ਨੇ ਰੇਲਵੇ ਨਾਲ ਸੰਪਰਕ ਕੀਤਾ।
ਕੰਡਕਟਰ ਰਾਕੇਸ਼ ਕੁਮਾਰ ਸ਼ਰਮਾ ਅਤੇ ਟਿਕਟ ਚੈਕਿੰਗ ਸਟਾਫ ਸਤੀਸ਼ ਕੁਮਾਰ ਨੇ ਕੋਚ ਦੀ ਚੈਕਿੰਗ ਕੀਤੀ ਅਤੇ ਸਿਰਹਾਣੇ ਦੇ ਕਵਰ ’ਚ ਰੱਖੀ ਹੋਈ ਇਹ ਨਕਦੀ ਪ੍ਰਾਪਤ ਹੋਈ ਅਤੇ ਉਨ੍ਹਾਂ ਨੇ ਇਹ ਨਕਦੀ ਸੀ. ਆਈ. ਟੀ. ਹਰਦੇਵ ਸਿੰਘ ਅਤੇ ਕੇ. ਪੀ. ਸਿੰਘ ਦੀ ਮੌਜ਼ੂਦਗੀ ’ਚ ਆਰ. ਪੀ. ਐੱਫ. ਸਟਾਫ ਨੂੰ ਸੌਂਪ ਦਿੱਤੀ, ਤਾਂ ਜੋ ਸੁਰੱਖਿਅਤ ਢੰਗ ਨਾਲ ਯਾਤਰੀ ਨੂੰ ਵਾਪਸ ਕੀਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਨਕਦੀ ਯਾਤਰੀ ਨੂੰ ਵਾਪਸ ਕਰ ਦਿੱਤੀ ਗਈ ਸੀ, ਜਿਸ ਦੀ ਯਾਤਰੀ ਨੇ ਬਹੁਤ ਪ੍ਰਸ਼ੰਸਾ ਕੀਤੀ। ਸੈਣੀ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਯਾਤਰਾ ਦੌਰਾਨ ਆਪਣੇ ਨਿੱਜੀ ਸਾਮਾਨ, ਨਕਦੀ, ਮੋਬਾਈਲ ਫੋਨ ਤੇ ਹੋਰ ਕੀਮਤੀ ਸਮਾਨ ਦਾ ਖਾਸ ਧਿਆਨ ਰੱਖਣ।
Read More : ਅੱਜ ਤੋਂ ਪੰਜਾਬ ਵਿਚ ਤਿੰਨ ਦਿਨ ਭਾਰੀ ਮੀਂਹ ਦੀ ਚਿਤਾਵਨੀ