ਨਵੀਂ ਦਿੱਲੀ, 29 ਅਕਤੂਬਰ : ‘ਸਿੱਖਸ ਫਾਰ ਜਸਟਿਸ’ ਦੇ ਸਵੈ-ਘੋਸ਼ਿਤ ਮੁਖੀ ਅਤੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਭਾਰਤੀ ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਦੇ ਪੈਰ ਛੂਹਣ ਦੇ ਵਿਰੋਧ ਵਿਚ 1 ਨਵੰਬਰ ਨੂੰ ਆਸਟ੍ਰੇਲੀਆ ’ਚ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਸੰਗੀਤ ਸਮਾਰੋਹ ਵਿਚ ਅੜਿੱਕਾ ਪਾਉਣ ਦੀ ਧਮਕੀ ਦਿੱਤੀ ਹੈ। ਪੰਨੂ ਦਾ ਦੋਸ਼ ਹੈ ਕਿ ਇਹ ਕਾਰਵਾਈ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਦੀ ਯਾਦ ਦਾ ਨਿਰਾਦਰ ਕਰਦੀ ਹੈ।
ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਅਮਿਤਾਭ ਬੱਚਨ ਦੇ ਪੈਰ ਛੂਹ ਕੇ, ਜਿਸ ਦੇ ਸ਼ਬਦਾਂ ਨੇ 1984 ਦੇ ਕਤਲੇਆਮ ਨੂੰ ਹਵਾ ਦਿੱਤੀ ਸੀ, ਦਿਲਜੀਤ ਦੋਸਾਂਝ ਨੇ 1984 ਦੇ ਸਿੱਖ ਕਤਲੇਆਮ ਦੇ ਹਰ ਪੀੜਤ, ਹਰ ਵਿਧਵਾ ਅਤੇ ਹਰ ਅਨਾਥ ਦਾ ਅਪਮਾਨ ਕੀਤਾ ਹੈ।
ਪੰਨੂ ਨੇ ਕਿਹਾ ਕਿ ਇਹ ਅਗਿਆਨਤਾ ਨਹੀਂ, ਸਗੋਂ ਵਿਸ਼ਵਾਸਘਾਤ ਹੈ। ਜ਼ਿੰਦਾ ਸਾੜ ਦਿੱਤੇ ਗਏ ਸਿੱਖਾਂ, ਜਬਰ-ਜ਼ਨਾਹ ਪੀੜਤ ਔਰਤਾਂ ਅਤੇ ਕਤਲ ਕੀਤੇ ਗਏ ਬੱਚਿਆਂ ਦੀਆਂ ਅਸਥੀਆਂ ਅਜੇ ਠੰਢੀਆਂ ਨਹੀਂ ਹੋਈਆਂ ਹਨ। ਕੋਈ ਵੀ ਸਮਝਦਾਰ ਸਿੱਖ 1 ਨਵੰਬਰ ਯਾਦਗਾਰੀ ਦਿਵਸ ’ਤੇ ਕੋਈ ਵਿਰੋਧ ਜਾਂ ਜਸ਼ਨ ਨਹੀਂ ਮਨਾ ਸਕਦਾ।
ਦੋਸਾਂਝ ਦੇ ਸੰਗੀਤ ਸਮਾਰੋਹ ਨੂੰ ਰੱਦ ਕਰਨ ਦੀ ਧਮਕੀ ਦੇਣ ਤੋਂ ਇਲਾਵਾ ਪਾਬੰਦੀਸ਼ੁਦਾ ਖਾਲਿਸਤਾਨੀ ਸੰਗਠਨ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਦੋਸਾਂਝ ਨੂੰ ਤਲਬ ਕਰਨ।
Read More : ਕੈਨੇਡਾ ’ਚ ਵਪਾਰੀ ਦਰਸ਼ਨ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ
