ਡੇਰਾ ਬਾਬਾ ਨਾਨਕ ਦੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰ ਕੇ ਪੁਲਸ ਪ੍ਰਸ਼ਾਸਨ ਵਿਰੁੱਧ ਦਿੱਤਾ ਧਰਨਾ
ਡੇਰਾ ਬਾਬਾ ਨਾਨਕ, 20 ਅਗਸਤ : ਜ਼ਿਲਾ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਕਰਿਆਨਾ ਕਾਰੋਬਾਰੀ ਰਵੀ ਢਿੱਲੋਂ ਦਾ ਬੀਤੀ ਰਾਤ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਇਸ ਸਬੰਧੀ ਡੇਰਾ ਬਾਬਾ ਨਾਨਕ ਦੇ ਕਾਰੋਬਾਰੀ ਲੱਕੀ ਢਿੱਲੋਂ ਦੇ ਛੋਟੇ ਭਰਾ ਰਵੀ ਕਰਿਆਨਾ ਸਟੋਰ ਦੇ ਮਾਲਕ ਰਵੀ ਢਿੱਲੋਂ, ਜੋ ਕਰੀਬ ਰਾਤ 9 ਵਜੇ ਆਪਣੀ ਕਰਿਆਨੇ ਦੀ ਦੁਕਾਨ ਨੂੰ ਬੰਦ ਕਰ ਕੇ ਆਪਣੀ ਗੱਡੀ ’ਤੇ ਘਰ ਦੇ ਬਾਹਰ ਗੇਟ ਕੋਲ ਆਏ ਤਾਂ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਨ੍ਹਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਗੋਲੀਆਂ ਸਿਰ ’ਚ ਲੱਗਣ ਨਾਲ ਰਵੀ ਢਿੱਲੋਂ ਆਪਣੀ ਕਾਰ ’ਚ ਹੀ ਡਿੱਗ ਗਿਆ। ਇਸ ਦੌਰਾਨ ਗੋਲੀਆਂ ਦੀ ਆਵਾਜ਼ ਸੁਣ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਮੁਹੱਲੇ ਦੇ ਲੋਕ ਘਰ ਦੇ ਬਾਹਰ ਇਕੱਠੇ ਹੋ ਗਏ।
ਉਨ੍ਹਾਂ ਦੇਖਿਆ ਕਿ ਰਵੀ ਢਿੱਲੋਂ ਖੂਨ ਨਾਲ ਲਥਪੱਥ ਗੱਡੀ ’ਚ ਡਿੱਗਾ ਪਿਆ ਸੀ। ਲੋਕਾਂ ਦੀ ਮਦਦ ਨਾਲ ਉਨ੍ਹਾਂ ਦੇ ਬੇਟੇ ਵੱਲੋਂ ਆਪਣੇ ਪਿਤਾ ਨੂੰ ਆਪਣੀ ਦੂਸਰੀ ਗੱਡੀ ਵਿਚ ਪਾ ਕੇ ਇਲਾਜ ਲਈ ਅੰਮ੍ਰਿਤਸਰ ਲਿਜਾਇਆ ਜਾ ਰਿਹਾ ਸੀ ਕਿ ਰਵੀ ਢਿੱਲੋਂ ਦੀ ਰਸਤੇ ’ਚ ਹੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਰਵੀ ਢਿੱਲੋਂ ਨੂੰ ਵਿਦੇਸ਼ੀ ਨੰਬਰਾਂ ਤੋਂ ਫਿਰੌਤੀ ਦੇ ਪੈਸੇ ਦੇਣ ਲਈ ਕਾਫੀ ਸਮੇਂ ਤੋਂ ਕਾਲਾ ਆ ਰਹੀਆਂ ਸਨ, ਉਨ੍ਹਾਂ ਵੱਲੋਂ ਦਰਖਾਸਤ ਦੇ ਕੇ ਫਿਰੌਤੀ ਮੰਗਣ ਵਾਲੇ ਵਿਅਕਤੀ ਖਿਲਾਫ ਪੁਲਸ ਥਾਣਾ ਡੇਰਾ ਬਾਬਾ ਨਾਨਕ ’ਚ ਐੱਫ. ਆਰ. ਆਈ. ਵੀ ਦਰਜ ਕਾਰਵਾਈ ਗਈ ਸੀ, ਜਿਸ ਨੂੰ ਲੈ ਕੇ ਪੁਲਸ ਥਾਣਾ ਡੇਰਾ ਬਾਬਾ ਨਾਨਕ ਵੱਲੋਂ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ ਪਰ ਬੀਤੀ ਰਾਤ ਨੂੰ ਉਨ੍ਹਾਂ ਦੀ ਸੁਰੱਖਿਆ ਵਾਲੇ ਗਾਰਡ ਘਰ ਜਾਂਦੇ ਸਮੇਂ ਨਾਲ ਨਹੀਂ ਸਨ।
ਇਸ ਘਟਨਾ ਨੂੰ ਲੈ ਕੇ ਅੱਜ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਡੇਰਾ ਬਾਬਾ ਨਾਨਕ ਦੇ ਸਮੂਹ ਦੁਕਾਨਦਾਰਾਂ ਨੂੰ ਨਾਲ ਲੈ ਕੇ ਪੁਲਸ ਥਾਣਾ ਡੇਰਾ ਬਾਬਾ ਨਾਨਕ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਡੇਰਾ ਬਾਬਾ ਨਾਨਕ ਦੇ ਸਮੂਹ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਕੇ ਧਰਨਾ ਦਿੱਤਾ ਗਿਆ।
ਇਸ ਮੌਕੇ ਧਰਨਾਕਾਰੀਆਂ ਨੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਪੁਲਸ ਥਾਣਾ ਡੇਰਾ ਬਾਬਾ ਨਾਨਕ ਦੇ ਐੱਸ. ਐੱਚ. ਓ. ਤੇ ਡੀ. ਐੱਸ. ਪੀ. ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਮੌਕੇ ਐੱਸ. ਪੀ. ਡੀ. ਗੁਰਪ੍ਰਤਾਪ ਸਿੰਘ ਸਹੋਤਾ ਪੁਲਸ ਅਧਿਕਾਰੀਆਂ ਨਾਲ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਪੁਲਸ ਵੱਲੋਂ ਰਵੀ ਢਿੱਲੋਂ ਦੇ ਕਾਤਲਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਘਟਨਾ ਤੋਂ ਬਾਅਦ ਥਾਣਾ ਡੇਰਾ ਬਾਬਾ ਨਾਨਕ ਦੇ ਐੱਸ. ਐੱਚ. ਓ. ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਦੇ ਹੋਰ 4 ਮੈਂਬਰਾਂ ਨੂੰ ਤਤਕਾਲ ਪ੍ਰਭਾਵ ਨਾਲ ਸੁਰੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਦੌਰਾਨ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ।
ਸ਼ੇਰਾ ਮਾਨ ਨੇ ਲਈ ਕਤਲ ਦੀ ਜ਼ਿੰਮੇਵਾਰੀ
ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਰਵੀ ਢਿੱਲੋਂ ਦੇ ਕਤਲ ਦੀ ਜ਼ਿੰਮੇਵਾਰੀ ਸ਼ੇਰਾ ਮਾਨ ਵੱਲੋਂ ਲਈ ਗਈ ਹੈ। ਇਸ ਪੋਸਟ ’ਚ ਲਿਖਿਆ ਹੈ ਕਿ ਡੇਰਾ ਬਾਬਾ ਨਾਨਕ ’ਚ ਰਵੀ ਢਿੱਲੋਂ ਕਰਿਆਨੇ ਵਾਲੇ ਦਾ ਜੋ ਕਤਲ ਹੋਇਆ ਹੈ, ਉਸਦੀ ਜ਼ਿੰਮੇਵਾਰੀ ਮੈਂ ਸ਼ੇਰਾ ਮਾਨ ਲੈਂਦਾ ਹਾਂ ਅਤੇ ਇਸ ਕਤਲ ਦਾ ਦੂਜਾ ਜ਼ਿੰਮੇਵਾਰ ਡੇਰਾ ਬਾਬਾ ਨਾਨਕ ਦਾ ਮੌਜੂਦਾ ਐੱਸ. ਐੱਚ. ਓ. ਹੈ ਅਤੇ ਆਉਣ ਵਾਲੇ ਦਿਨਾਂ ’ਚ ਜੋ ਵੀ ਇਸ ਐੱਸ. ਐੱਚ. ਓ. ਦਾ ਸਾਥਾ ਦਵੇਗਾ, ਉਨ੍ਹਾਂ ਦਾ ਹਾਲ ਇਸ ਤੋਂ ਵੀ ਮਾੜਾ ਹੋਵੇਗਾ।
Read More : ਦਿੱਲੀ ਦੀ ਮੁੱਖ ਮੰਤਰੀ ‘ਤੇ ਹਮਲਾ