ਤਰਨਤਾਰਨ ’ਚ ਅਕਾਲੀਆਂ ਨੇ ਗੈਂਗਸਟਰਾਂ ਦੀ ਮਦਦ ਕੀਤੀ
ਚੰਡੀਗੜ੍ਹ, 16 ਨਵੰਬਰ : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਤੇ ਗੈਂਗਸਟਰਾਂ ਦੇ ਆਪਸੀ ਸਬੰਧਾਂ ਦੀ ਉੱਚ ਪੱਧਰੀ ਜਾਂਚ ਕਰਵਾਏ।
ਐਤਵਾਰ ਇੱਥੇ ਗੱਲਬਾਤ ਕਰਦਿਆਂ ਅਰੋੜਾ ਨੇ ਕਿਹਾ ਕਿ ਤਰਨਤਾਰਨ ਦੀ ਉਪ ਚੋਣ ਦੌਰਾਨ ਅਕਾਲੀ ਦਲ ਨੇ ਵੋਟਰਾਂ ਨੂੰ ਡਰਾਉਣ-ਧਮਕਾਉਣ ਲਈ ਗੈਂਗਸਟਰਾਂ ਦੀ ਮਦਦ ਲਈ ਸੀ। ਵਿਦੇਸ਼ਾਂ ’ਚ ਬੈਠੇ ਇਕ ਗੈਂਗਸਟਰ ਨੇ ਵੋਟਰਾਂ ਨੂੰ ਧਮਕਾਉਣ ਲਈ ਵੀਡੀਓ ਕਾਲਾਂ ਕੀਤੀਆਂ ਸਨ।
ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਸੂਬੇ ’ਚ ਕਾਨੂੰਨ ਵਿਵਸਥਾ ਹਰ ਕੀਮਤ ’ਤੇ ਬਣਾਈ ਰੱਖੀ ਜਾਵੇਗੀ। ਤਰਨਤਾਰਨ ’ਚ ਅਕਾਲੀ ਵਰਕਰਾਂ ਵਿਰੁੱਧ ਝੂਠੇ ਮਾਮਲੇ ਦਰਜ ਕਰਨ ਦੇ ਸੁਖਬੀਰ ਬਾਦਲ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਤਰਨਤਾਰਨ ’ਚ ਪੁਲਸ ਉਨ੍ਹਾਂ ਵਿਅਕਤੀਆਂ ਵਿਰੁੱਧ ਕਾਰਵਾਈ ਕਰ ਰਹੀ ਹੈ ਜਿਨ੍ਹਾਂ ਦੇ ਗੈਂਗਸਟਰਾਂ ਨਾਲ ਸਬੰਧ ਸਨ।
ਉਨ੍ਹਾਂ ਕਿਹਾ ਕਿ ਤਰਨਤਾਰਨ ਉਪ ਚੋਣ ਤੋਂ ਬਾਅਦ ਅਕਾਲੀ ਦਲ ਨੂੰ ਬਹੁਤਾ ਖੁਸ਼ ਹੋਣ ਦੀ ਲੋੜ ਨਹੀਂ, ਕਿਉਂਕਿ ਨਾ ਤਾਂ ਉਨ੍ਹਾਂ ਚੋਣ ਜਿੱਤੀ ਹੈ ਤੇ ਨਾ ਹੀ ਲੋਕਾਂ ਨੇ ਉਨ੍ਹਾਂ ਨੂੰ ਫਤਵਾ ਦਿੱਤਾ ਹੈ। ਗੈਂਗਸਟਰਾਂ ਦੀ ਮਦਦ ਨਾਲ ਵੋਟਾਂ ਮੰਗਣਾ ਮਾਣ ਵਾਲੀ ਗੱਲ ਨਹੀਂ ਹੈ।
ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ’ਚ ਗੈਂਗਸਟਰ ਅਸਲ ’ਚ ਅਕਾਲੀਆਂ ਤੇ ਕਾਂਗਰਸ ਦੀ ਦੇਣ ਹਨ। ਪੰਜਾਬ ’ਚ ਭਗਵੰਤ ਮਾਨ ਸਰਕਾਰ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਕੰਮ ਕਰ ਰਹੀ ਹੈ। ਇਸ ਕਾਰਨ ਇਨ੍ਹਾਂ ਪਾਰਟੀਆਂ ਨੂੰ ਦੁੱਖ ਹੋਇਆ ਹੈ। ਲੋਕਾਂ ਨੂੰ ਅਜੇ ਵੀ ਯਾਦ ਹੈ ਕਿ ਕਿਵੇਂ ਬਾਦਲ ਸਰਕਾਰ ਦੌਰਾਨ ਗੈਂਗਸਟਰਾਂ ਨੇ ਮਾਸੂਮ ਲੋਕਾਂ ਦਾ ਕਤਲ ਕੀਤਾ ਸੀ।
ਤਰਨਤਾਰਨ ਉਪ ਚੋਣ ’ਚ ਕਾਂਗਰਸ ਦੇ ਚੌਥੇ ਨੰਬਰ ’ਤੇ ਰਹਿਣ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ’ਚ ਆਪਣੇ ਅੰਤ ਵੱਲ ਵਧ ਰਹੀ ਹੈ। ਕਾਂਗਰਸ ਆਪਣੀ ਜ਼ਮਾਨਤ ਨਹੀਂ ਬਚਾਅ ਸਕੀ, ਇਸ ਲਈ ਭਵਿੱਖ ’ਚ ਉਹ ਕਿਵੇਂ ਦਾ ਪ੍ਰਦਰਸ਼ਨ ਕਰੇਗੀ, ਇਸ ’ਤੇ ਸਵਾਲੀਆ ਨਿਸ਼ਾਨ ਲੱਗਾ ਹੋਇਅਾ ਹੈ। ਤਰਨਤਾਰਨ ਉਪ ਚੋਣ ਦੌਰਾਨ ਸੁਖਬੀਰ ਬਾਦਲ ਨੇ ਨਾ ਸਿਰਫ਼ ਇਕ ਬਦਨਾਮ ਗੈਂਗਸਟਰ ਦੇ ਰਿਸ਼ਤੇਦਾਰ ਨੂੰ ਟਿਕਟ ਦਿੱਤੀ ਸਗੋਂ ਗੈਂਗਸਟਰਾਂ ਦੀ ਹਮਾਇਤ ਨਾਲ ਪੂਰੀ ਚੋਣ ਵੀ ਲੜੀ।
ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨੇ ਸਰਪੰਚਾਂ ਤੇ ਪਿੰਡ ਵਾਸੀਆਂ ਨੂੰ ਵਾਰ-ਵਾਰ ਧਮਕੀਆਂ ਭਰੇ ਫੋਨ ਕੀਤੇ ਤੇ ਉਨ੍ਹਾਂ ਨੂੰ ਅਕਾਲੀ ਦਲ ਨੂੰ ਵੋਟ ਪਾਉਣ ਜਾਂ ਗੰਭੀਰ ਨਤੀਜੇ ਭੁਗਤਣ ਲਈ ਕਿਹਾ।
Read More : ਸਿੱਖਿਆ ਮੰਤਰੀ ਨੇ ਸਿਖਲਾਈ ਲਈ 72 ਅਧਿਆਪਕਾਂ ਦੇ ਤੀਜੇ ਬੈਚ ਨੂੰ ਫਿਨਲੈਂਡ ਲਈ ਕੀਤਾ ਰਵਾਨਾ
