1354166 ਮੀਟ੍ਰਿਕ ਟਨ ਆਮਦ ਹੋਣ ਦੀ ਸੰਭਾਵਨਾ, ਸਾਰੇ ਪ੍ਰਬੰਧ ਪੁਖ਼ਤਾ : ਡਿਪਟੀ ਕਮਿਸ਼ਨਰ
– ਝੋਨੇ ਦੀ ਖਰੀਦ ਲਈ ਕੁੱਲ 172 ਖਰੀਦ ਕੇਂਦਰ ਬਣਾਏ
ਸੰਗਰੂਰ, 16 ਸਤੰਬਰ : ਅੱਜ ਮੰਗਲਵਾਰ ਨੂੰ ਜ਼ਿਲਾ ਸੰਗਰੂਰ ਵਿਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ। ਖਰੀਫ਼ ਸੀਜ਼ਨ 2025-26 ਦੌਰਾਨ ਝੋਨੇ ਦੀ ਕੁਲ 1354166 ਮੀਟ੍ਰਿਕ ਟਨ ਆਮਦ ਹੋਣ ਦੀ ਸੰਭਾਵਨਾ ਹੈ।
ਖਰੀਦ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਦੱਸਿਆ ਕਿ ਜ਼ਿਲਾ ਸੰਗਰੂਰ ਵਿਚ ਝੋਨੇ ਦੀ ਖਰੀਦ ਲਈ ਕੁੱਲ 172 ਖਰੀਦ ਕੇਂਦਰ ਬਣਾਏ ਗਏ ਹਨ। ਸਰਕਾਰ ਵਲੋਂ ਖਰੀਦ ਏਜੰਸੀਆਂ ਲਈ ਖਰੀਦ ਟੀਚੇ ਨਿਰਧਾਰਿਤ ਕੀਤੇ ਗਏ ਹਨ, ਜਿਸ ਤਹਿਤ ਪਨਗ੍ਰੇਨ 34 ਫੀਸਦੀ, ਪਨਸਪ 22 ਫੀਸਦੀ, ਮਾਰਕਫੈੱਡ 26 ਫੀਸਦੀ, ਵੇਅਰ ਹਾਊਸ 13 ਫੀਸਦੀ, ਐਫ. ਸੀ. ਆਈ. 5 ਫੀਸਦੀ ਖਰੀਦ ਕਰਨਗੀਆਂ।
ਉਹਨਾਂ ਦੱਸਿਆ ਕਿ ਖਰੀਦ ਏਜੰਸੀਆਂ ਨੂੰ ਸੀਜ਼ਨ ਦੌਰਾਨ ਕੁੱਲ 37650 ਗੱਠਾਂ ਦੀ ਲੋੜ ਹੈ ਅਤੇ ਖਰੀਦ ਏਜੰਸੀਆਂ ਪਾਸ ਸਾਰੀਆਂ 37650 ਗੱਠਾਂ ਉਪਲਬਧ ਹਨ। ਜ਼ਿਲ੍ਹਾ ਸੰਗਰੂਰ ਵਿੱਚ ਕੁੱਲ 620 ਚੌਲ ਮਿੱਲਾਂ ਹਨ, ਜਿਸ ਵਿਚੋਂ ਲਗਭਗ ਸਾਰੀਆਂ ਮਿੱਲਾਂ ਅਲਾਟ ਕੀਤੀਆਂ ਜਾ ਚੁੱਕੀਆਂ ਹਨ। ਪੰਜਾਬ ਰਾਜ ਵਿੱਚ ਖਰੀਫ਼ ਸੀਜ਼ਨ 2025-26 ਦੌਰਾਨ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ 2389 ਰੁਪਏ ਪ੍ਰਤੀ ਕੁਵਿੰਟਲ ਨਿਰਧਾਰਿਤ ਕੀਤਾ ਗਿਆ ਹੈ। ਸਰਕਾਰ ਵਲੋਂ ਝੋਨੇ ਵਿੱਚ ਨਮੀ ਦੀ ਵੱਧ ਤੋਂ ਵੱਧ ਮਾਤਰਾ 17 ਫੀਸਦੀ ਨਿਰਧਾਰਿਤ ਕੀਤੀ ਗਈ ਹੈ।
ਜ਼ਿਲਾ ਸੰਗਰੂਰ ਵਿੱਚ ਲੇਬਰ ਅਤੇ ਢੋਆ ਦੁਆਈ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਮੰਡੀ ਬੋਰਡ ਵਲੋਂ ਮੰਡੀਆਂ ਵਿੱਚ ਫੜ੍ਹਾਂ ਦੀ ਸਫਾਈ, ਪੀਣ ਦੇ ਪਾਣੀ, ਬਿਜਲੀ, ਛਾਂ, ਨਮੀ ਮਾਪਣ ਵਾਲੇ ਯੰਤਰ ਆਦਿ ਦੇ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ। ਸਮੂਹ ਖਰੀਦ ਏਜੰਸੀਆਂ ਵੱਲੋਂ ਮੰਡੀਆਂ ਵਿੱਚ ਖਰੀਦ ਅਮਲੇ ਦੀ ਨਿਯੁਕਤੀ ਕਰ ਦਿੱਤੀ ਗਈ ਹੈ।
ਉਹਨਾਂ ਕਿਹਾ ਕਿ ਖਰੀਦ ਸੀਜ਼ਨ 2025-26 ਦੌਰਾਨ ਹਰ ਆੜ੍ਹਤੀਏ ਵਲੋਂ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਕਿਸਾਨਾਂ ਦੇ ਭੋਂ ਵੇਰਵਿਆਂ ਨੂੰ ਪੰਜਾਬ ਮੰਡੀ ਬੋਰਡ ਦੇ e-mandikaran-in portal ਅਤੇ ਖ਼ੁਰਾਕ ਸਪਲਾਈਜ਼ ਵਿਭਾਗ ਦੇ anaajkharid.in portal ਉੱਤੇ ਦਰਜ ਅਤੇ ਤਸਦੀਕ ਕੀਤੇ ਜਾਣ ਅਤੇ ਕਿਸਾਨ ਵਲੋਂ ਲਿਆਂਦੀ ਗਈ ਫਸਲ ਦਰਜ ਕੀਤੀ ਭੂਮੀ ਦੇ ਅਨੁਪਾਤ ਵਿੱਚ ਹੀ ਹੋਵੇ ।
ਉਹਨਾਂ ਕਿਹਾ ਕਿ ਖਰੀਫ਼ ਸੀਜ਼ਨ 2025-26 ਦੌਰਾਨ ਆੜ੍ਹਤੀਆ ਵਲੋਂ ਬੋਰੀਆਂ ਉਤੇ ਛਾਪਾ ਨੀਲੇ ਰੰਗ ਦੀ ਸਿਆਹੀ ਵਿੱਚ ਲਗਾਇਆ ਜਾਵੇਗਾ ਅਤੇ ਸਿਲਾਈ ਲਾਲ ਰੰਗ ਦੇ ਧਾਗੇ ਨਾਲ ਕੀਤੀ ਜਾਵੇਗੀ । ਮੰਡੀਆਂ ਵਿਚੋਂ ਖਰੀਦ ਕੀਤੇ ਝੋਨੇ ਦੀ ਚੁਕਾਈ 72 ਘੰਟਿਆਂ ਦੇ ਅੰਦਰ ਅੰਦਰ ਕੀਤੀ ਜਾਵੇਗੀ ਅਤੇ ਲਿਫਟਿੰਗ ਸਮੇਂ ਅਨਾਜ ਖਰੀਦ ਪੋਰਟਲ ਤੇ ਆਨਲਾਈਨ ਵਿਧੀ ਰਾਹੀਂ ਗੇਟ ਪਾਸ ਜਾਰੀ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੰਡੀਆਂ ਵਿੱਚ ਸੁੱਕੀ ਅਤੇ ਸਾਫ਼ ਫਸਲ ਲਿਆਉਣ ਤਾਂ ਜੌ ਉਹਨਾਂ ਨੂੰ ਨਮੀ ਘਟਣ ਤੱਕ ਮੰਡੀਆਂ ਵਿਚ ਰੁਕਣਾ ਨਾ ਪਵੇ।
Read More : ਪੌਂਗ ਡੈਮ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 5 ਫੁੱਟ ਉੱਪਰ