ਸੰਗਰੂਰ

ਸਰਕਾਰ ਸਾਬਕਾ ਸੈਨਿਕਾਂ ਦੀ ਭਲਾਈ, ਸਨਮਾਨ ਅਤੇ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਮੋਹਿੰਦਰ ਭਗਤ

ਸੰਗਰੂਰ ਵਿਖੇ ਸੈਨਿਕ ਰੈਸਟ ਹਾਊਸ ਦਾ ਨਵੀਨੀਕਰਨ ਕਰਨ ਉਪਰੰਤ ਉਦਘਾਟਨ ਕੀਤਾ

ਸੰਗਰੂਰ, 22 ਦਸੰਬਰ : ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ, ਸੁਤੰਤਰਤਾ ਸੰਗਰਾਮੀ ਅਤੇ ਬਾਗਬਾਨੀ ਵਿਭਾਗ ਦੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਇਹ ਗੱਲ ਜ਼ੋਰ ਦੇ ਕੇ ਕਹੀ ਹੈ ਕਿ ਪੰਜਾਬ ਸਰਕਾਰ ਸਾਬਕਾ ਸੈਨਿਕਾਂ ਦੀ ਭਲਾਈ, ਸਨਮਾਨ ਅਤੇ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦ੍ਰਿੜ ਵਚਨਬੱਧ ਹੈ। ਉਹ ਅੱਜ ਆਨਰੇਰੀ ਕੈਪਟਨ ਕਰਮ ਸਿੰਘ ਸੈਨਿਕ ਰੈਸਟ ਹਾਊਸ, ਸੰਗਰੂਰ ਦਾ ਨਵੀਨੀਕਰਨ ਕਰਨ ਉਪਰੰਤ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ਉੱਤੇ ਪਹੁੰਚੇ ਸਨ।

ਮੰਤਰੀ ਭਗਤ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਾਬਕਾ ਸੈਨਿਕਾਂ ਦੀ ਭਲਾਈ, ਸਨਮਾਨ ਅਤੇ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਅੱਜ ਵੀ ਦੇਸ਼ ਦੀ ਅਜੋਕੀ ਹਾਲਤ ਵਿਚ ਵੀ ਉਹ ਵੱਧ ਚੜ੍ਹ ਕੇ ਜੂਝ ਰਹੇ ਹਨ, ਜਿਨ੍ਹਾਂ ਨੇ ਆਪਣਾ ਅੱਜ ਕੁਰਬਾਨ ਕਰਕੇ ਸਾਡਾ ਕੱਲ੍ਹ ਸੁਰੱਖਿਅਤ ਕੀਤਾ ਹੈ। ਅਸੀ ਸ਼ਹੀਦਾਂ ਦੇ ਰਿਣੀ ਹਾਂ, ਜਿਨ੍ਹਾਂ ਸਦਕਾ ਅਸੀ ਇਸ ਖੁਸ਼ਨੁਮਾ ਮਹੌਲ ਵਿੱਚ ਜੀਵਨ ਬਤੀਤ ਕਰ ਰਹੇ ਹਾਂ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਦੇਸ਼ ਲਈ ਜਾਨਾਂ ਵਾਰਨ ਵਾਲੇ ਸੈਨਿਕਾਂ ਦੇ ਪਰਿਵਾਰਾਂ ਲਈ ਸਹਾਇਤਾ ਰਾਸ਼ੀ ਨੂੰ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕਰ ਦਿੱਤਾ ਹੈ। ਇਸ ਤੋਂ ਇਲਾਵਾ ਪਰਿਵਾਰ ਦੇ ਇਕ ਮੈਂਬਰ ਨੂੰ ਪੱਕੀ ਸਰਕਾਰੀ ਨੌਕਰੀ ਦਿੱਤੀ ਜਾਂਦੀ ਹੈ। ਸਰਕਾਰੀ ਨੌਕਰੀਆਂ ਵਿੱਚ 13 ਫੀਸਦੀ ਨੌਕਰੀਆਂ ਸਾਬਕਾ ਸੈਨਿਕਾਂ ਲਈ ਰਾਖਵੀਆਂ ਰੱਖੀਆਂ ਹਨ। ਸਾਬਕਾ ਸੈਨਿਕਾਂ ਨਾਲ ਸਬੰਧਤ ਲੰਬਿਤ ਮਾਮਲਿਆਂ ਨੂੰ ਨਜਿੱਠਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਹਰੇਕ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਤਿਮਾਹੀ ਸਮੀਖਿਆ ਮੀਟਿੰਗਾਂ ਲਾਜ਼ਮੀ ਕੀਤੀਆਂ ਹਨ ਤਾਂ ਕਿ ਸਾਬਕਾ ਸੈਨਿਕਾਂ ਨਾਲ ਸਬੰਧਤ ਮੁਸ਼ਕਿਲਾਂ ਨੂੰ ਤੁਰੰਤ ਖ਼ਤਮ ਕੀਤਾ ਜਾ ਸਕੇ। ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰੀ ਸਕੀਮਾਂ ਅਤੇ ਸੁਵਿਧਾਵਾਂ ਦਾ ਲਾਭ ਹਰ ਯੋਗ ਸਾਬਕਾ ਸੈਨਿਕ ਤੱਕ ਸਮੇਂ ਸਿਰ ਪਹੁੰਚਣਾ ਚਾਹੀਦਾ ਹੈ।

ਇਸ ਸਮਾਰੋਹ ਕੈਬਨਿਟ ਮੰਤਰੀ ਵੱਲੋਂ 14 ਸਾਬਕਾ ਸੈਨਿਕਾਂ ਅਤੇ ਵਿਧਵਾਵਾਂ ਨੂੰ 6,50,000/- ਰੁਪਏ ਦੀ ਮਾਲੀ ਸਹਾਇਤਾ ਦੇ ਚੈੱਕ ਭੇਂਟ ਕੀਤੇ ਗਏ ਅਤੇ ਨਕਾਰਾ ਸਾਬਕਾ ਸੈਨਿਕਾਂ ਨੂੰ ਇਲੈਕਟ੍ਰਿਕਲ ਟ੍ਰਾਈ ਸਕੂਟਰ ਵੰਡੇ ਗਏ। ਸਾਬਕਾ ਸੈਨਿਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਅਤੇ ਤਕਲੀਫਾਂ ਦਾ ਜਲਦ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ।

ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੂੰ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਸੰਗਰੂਰ ਪਹੁੰਚਣ ਉਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਨਿੱਘਾ ਸਵਾਗਤ ਕਰਦੇ ਹੋਏ ਗਾਰਡ ਆਫ ਆਨਰਜ਼ ਦਿੱਤਾ ਗਿਆ। ਉਹਨਾਂ ਵੱਲੋਂ ਸੈਨਿਕ ਰੈਸਟ ਹਾਊਸ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ ਗਿਆ।

ਇਸ ਮੌਕੇ ਰਾਹੁਲ ਚਾਬਾ ਡਿਪਟੀ ਕਮਿਸ਼ਨਰ ਸੰਗਰੂਰ, ਕਰਨਲ ਜਰਨੈਲ ਸਿੰਘ (ਰਿਟਾ.) ਓ.ਐੱਸ.ਡੀ. ਮੁੱਖ ਦਫਤਰ, ਐੱਸ ਡੀ ਐੱਮ ਚਰਨਜੋਤ ਸਿੰਘ ਵਾਲੀਆ, ਕਮਾਂਡਰ ਦਿਲਪ੍ਰੀਤ ਸਿੰਘ ਕੰਗ (ਰਿਟਾ.) ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਸੰਗਰੂਰ, ਨਗਰ ਕੌਂਸਲ ਪ੍ਰਧਾਨ ਭੁਪਿੰਦਰ ਸਿੰਘ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਿਆਮ ਸਿੰਗਲਾ ਮੌਜੂਦ ਸਨ।

Read More : ਪਟਵਾਰੀ ਅਧੀਨ ਕੰਮ ਕਰਦਾ ਨਿੱਜੀ ਵਿਅਕਤੀ ਰਿਸ਼ਵਤ ਲੈਂਦਾ ਕਾਬੂ

Leave a Reply

Your email address will not be published. Required fields are marked *