ਅੰਮ੍ਰਿਤਸਰ, 6 ਦਸੰਬਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੱਲ ਰਹੀ ਸੋਨੇ ਦੇ ਪੱਤਰਿਆਂ ਅਤੇ ਮੀਨਾਕਾਰੀ ਦੀ ਸਾਂਭ-ਸੰਭਾਲ ਦੀ ਸੇਵਾ ਤਹਿਤ ਮੁੱਖ ਦਰਬਾਰ ਦੇ ਅੰਦਰੂਨੀ ਹਿੱਸੇ (ਲਹਿੰਦੇ ਪਾਸੇ ਦੀ ਬਾਹੀ) ਵਿਚ ਸੋਨੇ ਦੇ ਪੱਤਰੇ ਲਾਏ ਗਏ।
ਸ਼੍ਰੋਮਣੀ ਕਮੇਟੀ ਵਲੋਂ ਇਹ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਨੂੰ ਸੌਂਪੀ ਗਈ ਸੀ, ਜਿਨ੍ਹਾਂ ਨੇ ਲੋੜ ਅਨੁਸਾਰ ਮੁਰੰਮਤ ਦਾ ਕਾਰਜ ਕੀਤਾ ਹੈ। ਅਰਦਾਸ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਨਿਸ਼ਕਾਮ ਸੇਵਕ ਜਥੇ ਦੇ ਮੁਖੀ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਸੋਨੇ ਦੇ ਪੱਤਰੇ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਅਤੇ ਸ਼ਰਧਾ ਨਾਲ ਪੱਤਰੇ ਲਾਉਣ ਦੀ ਸੇਵਾ ਆਰੰਭ ਕਰਵਾਈ।
ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੇ ਸੁਨਹਿਰੀ ਪੱਤਰੇ ਅਤੇ ਮੀਨਾਕਾਰੀ ਨੂੰ ਸੁਰੱਖਿਅਤ ਰੱਖਣ ਲਈ ਸਮੇਂ-ਸਮੇਂ ’ਤੇ ਕਾਰਜ ਕੀਤੇ ਜਾਂਦੇ ਹਨ ਅਤੇ ਇਸੇ ਤਹਿਤ ਹੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਨੂੰ ਸ਼੍ਰੋਮਣੀ ਕਮੇਟੀ ਵਲੋਂ ਸੇਵਾ ਸੌਂਪੀ ਗਈ ਹੈ।
ਉਨ੍ਹਾਂ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਵਲੋਂ ਸ਼ਰਧਾ ਨਾਲ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਸੇਵਕ ਜਥੇ ਦੇ ਮੁਖੀ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਗੁਰੂ ਘਰ ਦੀਆਂ ਸੇਵਾਵਾਂ ਮਿਲਣੀਆਂ ਗੁਰੂ ਸਾਹਿਬ ਦੀ ਰਹਿਮਤ ਹੈ।
ਇਸ ਮੌਕੇ ਭਾਈ ਇੰਦਰਜੀਤ ਸਿੰਘ, ਓ. ਐੱਸ. ਡੀ. ਸਤਬੀਰ ਸਿੰਘ, ਮੈਨੇਜਰ ਭਗਵੰਤ ਸਿੰਘ ਧੰਗੇੜਾ, ਸੁਪਰਡੈਂਟ ਪ੍ਰਚਾਰ ਮਲਕੀਤ ਸਿੰਘ ਬਹਿੜਵਾਲ, ਜਸਪਾਲ ਸਿੰਘ ਢੱਡੇ ਤੇ ਵਧੀਕ ਮੈਨੇਜਰ ਗੁਰਵਿੰਦਰ ਸਿੰਘ ਦੇਵੀਦਾਸਪੁਰ ਵੀ ਹਾਜ਼ਰ ਸਨ।
Read More : ਪਟਿਆਲਾ ਪੁਲਸ ਦੀ ਵਾਇਰਲ ਆਡੀਓ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਜਾਂਚ ਸ਼ੁਰੂ
