ਬੀਬੀ ਸਤਵੰਤ ਕੌਰ ਪੰਥਕ ਕੌਂਸਲ ਦੇ ਚੇਅਰਪਰਸਨ ਨਿਯੁਕਤ
ਅੰਮ੍ਰਿਤਸਰ, 11 ਅਗਸਤ :-ਅੱਜ ਦਾ ਦਿਨ ਪੰਥਕ ਖੇਤਰ ਅਤੇ ਪੰਥਕ ਸਿਆਸਤ ਲਈ ਅਹਿਮ ਹੋ ਨਿਬੜਿਆ। ਲੰਮੇ ਸਮੇਂ ਤੋਂ ਇਕ ਪਰਿਵਾਰਵਾਦ ਦੇ ਗਲਬੇ ਹੇਠ ਨਿਘਾਰ ਵੱਲ ਜਾ ਚੁੱਕੀ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੇ ਇਤਿਹਾਸਿਕ ਪੜਾਅ ਤੇ ਮੀਰੀ ਪੀਰੀ ਦੇ ਸਿਧਾਂਤ ਉਪਰ ਦੋ ਵਾਰਿਸ ਮਿਲੇ ਹਨ। ਸਿਆਸਤ ਉਪਰ ਧਰਮ ਦਾ ਕੁੰਡਾ ਮਜ਼ਬੂਤ ਰਹੇ ਇਸ ਲਈ ਬੀਬੀ ਸਤਵੰਤ ਕੌਰ ਨੂੰ ਪੰਥਕ ਕੌਸਲ ਦੇ ਚੇਅਰਪਰਸਨ ਵਜੋਂ ਸੇਵਾ ਮਿਲੀ ਹੈ। ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਸਰਬ ਸੰਮਤੀ ਨਾਲ ਪ੍ਰਧਾਨ ਚੁਣੇ ਗਏ ਹਨ।
ਮੰਚ ਸੰਚਾਲਨ ਕਰਦੇ ਹੋਏ ਜਥੇਦਾਰ ਇਕਬਾਲ ਸਿੰਘ ਝੂੰਦਾ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਸੁਨਹਿਰੀ ਇਤਿਹਾਸ ਤੋਂ ਜਾਣੂ ਕਰਵਾਇਆ ਉਥੇ ਹੀ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਇਹ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਪੰਥਕ ਜਮਾਤ ਪੂਰੀ ਤਰਾਂ ਸਿਆਸਤ ਦੇ ਗਲਬੇ ਵਿਚ ਜਾ ਚੁੱਕੀ ਹੈ।
ਇਸ ਲਈ ਆਉਣ ਵਾਲੇ ਸਮੇਂ ਵਿਚ ਧਾਰਮਿਕ ਖੇਤਰ ਨੂੰ ਰਾਜਸੀ ਗਲਬੇ ਤੋਂ ਬਾਹਰ ਰੱਖਣ ਦੀ ਸੰਗਤ ਦੀ ਵੱਡੀ ਮੰਗ ਸੀ, ਇਸ ਮੰਗ ਨੂੰ ਪੂਰਾ ਕਰਦਿਆਂ ਪੰਥਕ ਕੌਂਸਲ ਗਠਨ ਕਰਨ ਦਾ ਫੈਸਲਾ ਕੀਤਾ ਗਿਆ ਤਾਂ ਜੋ ਧਰਮ ਦਾ ਕੁੰਡਾ ਹਰ ਹੀਲੇ ਸਿਆਸਤ ਉਪਰ ਮਜ਼ਬੂਤ ਰਹੇ। ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਅਾਲੀ ਵੱਲੋਂ ਪੰਥਕ ਕੌਂਸਲ ਦੇ ਚੇਅਰਪਰਸਨ ਵਜੋਂ ਬੀਬੀ ਸਤਵੰਤ ਕੌਰ ਦਾ ਨਾਮ ਪੇਸ਼ ਕੀਤਾ ਗਿਆ, ਜਿਸ ’ਤੇ ਹਾਜ਼ਰ ਡੈਲੀਗੇਟ ਨੇ ਜੈਕਾਰਿਆਂ ਦੇ ਨਾਲ ਆਪਣੀ ਸਹਿਮਤੀ ਦਿੱਤੀ।
ਪੁਨਰ ਸੁਰਜੀਤੀ ਦੇ ਅਹਿਮ ਪੜਾਅ ਨੂੰ ਪੂਰਾ ਕਰਦਿਆਂ ਬਾਬਾ ਸਰਬਜੋਤ ਸਿੰਘ ਬੇਦੀ ਵੱਲੋ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਪ੍ਰਧਾਨਗੀ ਦੇ ਅਹੁਦੇ ਲਈ ਪੇਸ਼ ਕੀਤਾ। ਪੇਸ਼ ਹੋਏ ਨਾਮ ਨੂੰ ਐੱਸ. ਜੀ. ਪੀ. ਸੀ. ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਪ੍ਰੋੜਤਾ ਕੀਤੀ ਤਾਂ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਦੀ ਤਾਈਦ ਮਦੀਦ ਕੀਤੀ। ਚੋਣ ਅਧਿਕਾਰੀ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਨੇ ਪ੍ਰਧਾਨਗੀ ਲਈ ਇਜਲਾਸ ਵਿਚ ਹਾਜ਼ਰ ਸਮੂਹ ਡੈਲੀਗੇਟ ਤੋਂ ਮੁਕਾਬਲਤਨ ਨਾਮ ਦੀ ਪੇਸ਼ਕਸ਼ ਮੰਗੀ ਗਈ। ਗਿਆਨੀ ਹਰਪ੍ਰੀਤ ਸਿੰਘ ਦੇ ਮੁਕਾਬਲੇ ਕੋਈ ਵੀ ਉਮੀਦਵਾਰ ਨਾ ਹੋਣ ਕਰ ਕੇ ਗਿਆਨੀ ਹਰਪ੍ਰੀਤ ਸਿੰਘ ਸਰਬ ਸੰਮਤੀ ਨਾਲ ਬਤੌਰ ਪ੍ਰਧਾਨ ਚੁਣਿਆ ਗਿਆ।
ਇਸ ਜਨਰਲ ਇਜਲਾਸ ਵਿਚ ਜਿੱਥੇ ਦੋ ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਦੀ ਭਾਵਨਾ ਤਹਿਤ ਪੂਰਨ ਵਿਧੀ ਵਿਧਾਨ ਮੁਤਾਬਿਕ ਚੋਣ ਹੋਈ ਉਥੇ ਹੀ ਲੰਮੇ ਸਮੇਂ ਤੋਂ ਅਕਾਲੀ ਸਿਆਸਤ ਵਿਚ ਗੁਆਚ ਚੁੱਕੀ ਲੋਕਤੰਤਰਿਕ ਪ੍ਰਕਿਰਿਆ ਦੀ ਵੀ ਬਹਾਲੀ ਹੋਈ।
Read More : ਜਾਫਰ ਐਕਸਪ੍ਰੈੱਸ ਦੇ 6 ਡੱਬੇ ਪਟੜੀ ਤੋਂ ਉਤਰੇ
