8 ਵਿਅਕਤੀਆਂ ਅਤੇ 7 ਔਰਤਾਂ ਝੁਲਸੀਆਂ
ਧਨੌਲਾ, 5 ਅਗਸਤ : ਜ਼ਿਲਾ ਬਰਨਾਲਾ ਵਿਚ ਮੰਗਲਵਾਰ ਸ਼ਾਮ ਨੂੰ ਕਸਬਾ ਧਨੌਲਾ ਅਧੀਨ ਆਉਂਦੇ ਪ੍ਰਾਚੀਨ ਮੰਦਰ ਹਨੂਮਾਨ ਬਰਨੇਵਾਲਾ ’ਚ ਲੱਗੀ ਅੱਗ ਕਾਰਨ 8 ਵਿਅਕਤੀਆਂ ਅਤੇ 7 ਔਰਤਾਂ ਦੇ ਬੁਰੀ ਤਰ੍ਹਾਂ ਝੁਲਸ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਦੀ ਲਪੇਟ ’ਚ ਆਏ ਸਾਰੇ ਵਿਅਕਤੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਧਨੌਲਾ ’ਚ ਲਿਆਂਦਾ ਗਿਆ ਜਿੱਥੋਂ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਮੁੱਢਲੀ ਸਹਾਇਤਾ ਦੇਣ ਉਪਰੰਤ ਰੈਫਰ ਕਰ ਦਿੱਤਾ ਗਿਆ।
ਮਿੱਠੂ ਸਿੰਘ ਪੁੱਤਰ ਸੱਤਪਾਲ ਸਿੰਘ, ਅਬੀ ਨੰਦਨ (36) ਬਰਨਾਲਾ, ਅਜੇ ਕੁਮਾਰ (20), ਦਲੀਪ ਹਲਵਾਈ ਬਰਨਾਲਾ, ਬਲਵਿੰਦਰ ਸਿੰਘ (41) ਬਰਨਾਲਾ, ਰਾਮਜੀਤ (45) ਰਾਮਚੰਦਰ (50) ਵਿਸਾਲ (25) ਜੋ ਕਿ ਝੁਲਸ ਗਏ ਜਦੋਂਕਿ ਸੁਰਜੀਤ ਕੌਰ ਪਤਨੀ ਦਰਸ਼ਨ ਸਿੰਘ, ਸਰਬਜੀਤ ਕੌਰ ਪਤਨੀ ਕਰਮਜੀਤ ਸਿੰਘ, ਪਰਮਜੀਤ ਕੌਰ ਪਤਨੀ ਬੰਟੀ ਸਿੰਘ, ਗੁਰਮੀਤ ਕੌਰ ਪਤਨੀ ਬਲਵਿੰਦਰ ਸਿੰਘ, ਗੁਰਮੇਲ ਕੌਰ ਪਤਨੀ ਬੂਟਾ ਸਿੰਘ, ਮਨਜੀਤ ਕੌਰ ਪਤਨੀ ਮੱਖਣ ਸਿੰਘ, ਅਮਰਜੀਤ ਕੌਰ ਪਤਨੀ ਹਰਜੀਤ ਸਿੰਘ ਆਦਿ ਵਾਸੀ ਸਹਾਰੀਆਂ ਪੱਤੀ ਧਨੌਲਾ ਮਾਮੂਲੀ ਝੁਲਸ ਜਾਣ ਕਾਰਨ ਹਸਪਤਾਲ ’ਚ ਜ਼ੇਰੇ ਇਲਾਜ ਹਨ।
ਹਸਪਤਾਲ ਪਹੁੰਚੇ ਪੀੜਤਾਂ ਨੇ ਦੱਸਿਆ ਕਿ ਇਹ ਅੱਗ ਭੱਠੀ ’ਚ ਤੇਲ ਪਾਉਣ ਸਮੇਂ ਨਜ਼ਦੀਕ ਪਏ ਗੈਸ ਸਿਲੰਡਰ ਦੀ ਅਚਾਨਕ ਪਾਈਪ ਫੱਟਣ ਕਾਰਨ ਵਾਪਰਿਆ, ਅੱਗ ਦੀ ਲਪੇਟ ’ਚ ਆਏ ਲੋਕਾਂ ਨੂੰ ਫਰੀਦਕੋਟ ਤੇ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਹੈਰਾਨੀ ਇਸ ਗੱਲ ਦੀ ਹੋਈ ਕਿ ਅੱਗ ਲੱਗਣ ਤੋਂ ਬਾਅਦ ਮੰਦਰ ਦੇ ਪ੍ਰਬੰਧਕਾਂ ’ਚੋਂ ਕੋਈ ਵੀ ਖਬਰ ਲਿਖੇ ਜਾਣ ਨਹੀਂ ਪਹੁੰਚਿਆ।
ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੈਨਿਥ ਆਈ. ਏ. ਐੱਸ. ਨੇ ਦੱਸਿਆ ਕਿ ਅੱਗ ਲੱਗਣ ਦੀ ਖਬਰ ਮਿਲਦਿਆਂ ਹੀ ਉਨ੍ਹਾਂ ਮੈਡੀਕਲ ਅਫ਼ਸਰ, ਐੱਸ. ਡੀ. ਐੱਮ. ਬਰਨਾਲਾ ਤੇ ਹੋਰਨਾਂ ਅਧਿਕਾਰੀਆ ਨੂੰ ਮੌਕੇ ’ਤੇ ਭੇਜਿਆ ਗਿਆ ਹੈ। ਪ੍ਰਸ਼ਾਸਨ ਆਪਣੇ ਪੱਧਰ ’ਤੇ ਪੀੜਤਾ ਦੀ ਤੰਦਰੁਸਤੀ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।
Read More : 11 ਸਾਲਾਂ ਬਾਅਦ ਸੁਲਝੀ ਕਤਲ ਦੀ ਗੁੱਥੀ