ਦੂਜੇ ਦੋਸਤ ਦੀ ਹਾਲਤ ਗੰਭੀਰ
ਅੰਮ੍ਰਿਤਸਰ, 18 ਸਤੰਬਰ : ਜ਼ਿਲਾ ਅੰਮ੍ਰਿਤਸਰ ਦੇਰ ਰਾਤ ਮੋਹਕਮਪੁਰਾ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿਚ ਗੈਗਵਾਰ ਹੋਈ, ਜਿਥੇ 5 ਨੌਜਵਾਨਾਂ ਨੇ ਨਿਮਿਸ਼ ਨਾਮ ਦੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ, ਜਦਕਿ ਉਸਦਾ ਦੋਸਤ ਗੰਭੀਰ ਜ਼ਖਮੀ ਹੋ ਗਿਆ। ਇਸ ਦੌਰਾਨ ਇਲਾਕੇ ‘ਚ ਦਹਿਸ਼ਤ ਫੈਲ ਗਈ। ਪਤਾ ਲੱਗਾ ਹੈ ਕਿ ਜੱਗੂ ਭਗਵਾਨਪੁਰੀਆ ਗੈਂਗ ਦੇ ਮੈਂਬਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।
ਜਾਣਕਾਰੀ ਅਨੁਸਾਰ ਨਿਮਿਸ਼ ਬੁੱਧਵਾਰ ਰਾਤ ਨੂੰ ਆਪਣੇ ਦੋਸਤ ਨਾਲ ਕ੍ਰੇਟਾ ਕਾਰ ਵਿਚ ਘਰ ਵਾਪਸ ਆ ਰਿਹਾ ਸੀ। ਰਸਤੇ ਵਿਚ ਗੋਲਡਨ ਐਵੇਨਿਊ ਇਲਾਕੇ ਵਿਚ 2 ਮੋਟਰਸਾਈਕਲ ਸਵਾਰ ਪੰਜ ਨੌਜਵਾਨਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਪਹਿਲਾਂ ਕਾਰ ਦੀਆਂ ਖਿੜਕੀਆਂ ਤੋੜੀਆਂ, ਫਿਰ ਮੁਲਜ਼ਮਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਗੋਲੀਆਂ ਲੱਗਣ ਨਾਲ ਦੋਵੇਂ ਦੋਸਤ ਗੰਭੀਰ ਜ਼ਖਮੀ ਹੋ ਗਏ। ਦੋਵਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਨਿਮਿਸ਼ ਦੀ ਮੌਤ ਹੋ ਗਈ, ਜਦੋਂ ਕਿ ਉਸਦੇ ਦੋਸਤ ਦੀ ਹਾਲਤ ਗੰਭੀਰ ਹੈ।
ਪੁਲਿਸ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਅਣਪਛਾਤੇ ਸ਼ੱਕੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਏਸੀਪੀ ਸ਼ੀਤਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਦੇ ਬਿਆਨ ਦਰਜ ਕੀਤੇ ਗਏ ਹਨ। ਕਿਸੇ ਵੀ ਗਿਰੋਹ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
Read More : ਮੋਟਰਸਾਈਕਲ ਸਵਾਰ ਦੀ ਨਹਿਰ ’ਚ ਡਿੱਗਣ ਕਾਰਨ ਮੌਤ