3 ਲੋਕਾਂ ਦੀ ਮੌਤਾਂ, ਅੱਧਾ ਦਰਜਨ ਲੋਕ ਲਾਪਤਾ
ਮੰਡੀ, 16 ਸਤੰਬਰ : ਹਿਮਾਚਲ ਪ੍ਰਦੇਸ਼ ‘ਚ ਫਿਰ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। 24 ਘੰਟਿਆਂ ‘ਚ ਮੀਂਹ ਨੇ ਦਰਿਆਵਾਂ ਤੇ ਨਾਲਿਆਂ ਦੇ ਪਾਣੀ ਦਾ ਪੱਧਰ ਅਚਾਨਕ ਵਧਾ ਦਿੱਤਾ ਹੈ। ਇਸ ਆਫ਼ਤ ‘ਚ 3 ਲੋਕਾਂ ਦੀ ਮੌਤ ਹੋ ਗਈ ਹੈ।
ਜ਼ਿਲਾ ਮੰਡੀ ਦੇ ਸ਼ਹਿਰ ਧਰਮਪੁਰ ‘ਚ ਦੇਖਦੇ ਹੀ ਦੇਖਦੇ ਹੜ੍ਹ ਦਾ ਪਾਣੀ ਕੁਝ ਹੀ ਸਮੇਂ ‘ਚ ਬਾਜ਼ਾਰ ਤੇ ਬੱਸ ਸਟੈਂਡ ‘ਚ ਦਾਖਲ ਹੋ ਗਿਆ। ਧਰਮਪੁਰ ਬੱਸ ਸਟੈਂਡ ਪੂਰੀ ਤਰ੍ਹਾਂ ਡੁੱਬ ਗਿਆ ਹੈ। ਉੱਥੇ ਖੜ੍ਹੀਆਂ ਕਈ ਬੱਸਾਂ ਪਾਣੀ ‘ਚ ਵਹਿ ਗਈਆਂ। ਬਾਜ਼ਾਰ ‘ਚ ਦਰਜਨਾਂ ਦੁਕਾਨਾਂ ਤੇ ਸਟਾਲ ਵੀ ਵਹਾਅ ਦੀ ਲਪੇਟ ‘ਚ ਆ ਗਏ। ਲੋਕਾਂ ਦੇ ਘਰ ਗੋਡਿਆਂ ਤੱਕ ਪਾਣੀ ਨਾਲ ਭਰ ਗਏ ਤੇ ਸਾਰਾ ਸਾਮਾਨ ਬਰਬਾਦ ਹੋ ਗਿਆ।
ਬਾਜ਼ਾਰ ‘ਚ ਕਈ ਥਾਵਾਂ ‘ਤੇ ਸੜਕਾਂ ਟੁੱਟ ਗਈਆਂ ਹਨ। ਭਾਰੀ ਮਬਾਰਸ਼ ਤੇ ਹੜ੍ਹਾਂ ਕਾਰਨ ਇਲਾਕੇ ‘ਚ ਹਫੜਾ-ਦਫੜੀ ਦਾ ਮਾਹੌਲ ਹੈ। ਆਫ਼ਤ ਪ੍ਰਬੰਧਨ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ ਹੈ, ਪਰ ਖਰਾਬ ਮੌਸਮ ਕਾਰਨ ਰਾਹਤ ਕਾਰਜਾਂ ‘ਚ ਮੁਸ਼ਕਲਾਂ ਆ ਰਹੀਆਂ ਹਨ। ਪ੍ਰਸ਼ਾਸਨ ਨੇ ਕਿਹਾ ਕਿ ਹੁਣ ਤੱਕ ਅੱਧਾ ਦਰਜਨ ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਹੈ। ਪੁਲਿਸ ਤੇ ਐਸਡੀਆਰਐਫ ਟੀਮਾਂ ਲਗਾਤਾਰ ਉਨ੍ਹਾਂ ਦੀ ਭਾਲ ‘ਚ ਲੱਗੀਆਂ ਹੋਈਆਂ ਹਨ।
ਧਰਮਪੁਰ ਤੋਂ ਇਲਾਵਾ ਮੰਡੀ ਦੇ ਹੋਰ ਹਿੱਸਿਆਂ ‘ਚ ਛੋਟੇ ਪੁਲ ਵਹਿ ਗਏ ਹਨ ਤੇ ਸੜਕਾਂ ਮਲਬੇ ਨਾਲ ਭਰ ਗਈਆਂ ਹਨ। ਮੰਡੀ-ਕੁੱਲੂ ਹਾਈਵੇਅ ‘ਤੇ ਕਈ ਥਾਵਾਂ ‘ਤੇ ਜ਼ਮੀਨ ਖਿਸਕ ਗਈ ਹੈ, ਜਿਸ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਯਾਤਰੀਆਂ ਨੂੰ ਘੰਟਿਆਂ ਬੱਧੀ ਰਸਤੇ ‘ਚ ਫਸੇ ਰਹਿਣਾ ਪਿਆ।
ਅਚਾਨਕ ਆਏ ਹੜ੍ਹ ਨੇ ਲੋਕਾਂ ਦਾ ਰੋਜ਼ਾਨਾ ਜੀਵਨ ਵਿਗਾੜ ਦਿੱਤਾ ਹੈ, ਜਿਨ੍ਹਾਂ ਪਰਿਵਾਰਾਂ ਦੀਆਂ ਦੁਕਾਨਾਂ ਤੇ ਘਰ ਪਾਣੀ ‘ਚ ਡੁੱਬ ਗਏ ਸਨ, ਉਹ ਹੁਣ ਖੁੱਲ੍ਹੇ ਅਸਮਾਨ ਹੇਠ ਰਾਤ ਬਿਤਾਉਣ ਲਈ ਮਜਬੂਰ ਹਨ।
Read More : ਰਾਹੁਲ ਗਾਂਧੀ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਹੋਏ ਨਤਮਸਤਕ
