ਪੀ. ਜੀ. ਸੈਂਟਰ ਵਿਚ ਆਪਣੇ ਦੋਸਤਾਂ ਨੂੰ ਮਿਲਣ ਆਇਆ ਸੀ ਇਮਰੋਜ਼
ਬਠਿੰਡਾ, 30 ਜੂਨ :-ਬੀਤੀ ਰਾਤ ਸ਼ਰਾਬ ਦੇ ਨਸ਼ੇ ਵਿਚ ਕੁਝ ਨੌਜਵਾਨਾਂ ਨੇ ਆਪਣੇ ਇਕ ਦੋਸਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਪੁਲਸ ਮੁਲਜ਼ਮ ਦੀ ਭਾਲ ਕਰ ਰਹੀ ਹੈ।
ਪੁਲਸ ਅਤੇ ਮ੍ਰਿਤਕ ਦੇ ਦੋਸਤਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਮਰੋਜ਼ ਸਿੰਘ (22) ਪੁੱਤਰ ਬਲਜਿੰਦਰ ਸਿੰਘ ਵਾਸੀ ਲਾਲਬਾਈ ਬੀਤੀ ਸ਼ਾਮ ਅਜੀਤ ਰੋਡ ’ਤੇ ਸਥਿਤ ਇਕ ਪੀ. ਜੀ. ਸੈਂਟਰ ਵਿਚ ਆਪਣੇ ਦੋਸਤਾਂ ਨੂੰ ਮਿਲਣ ਆਇਆ ਸੀ, ਜਿੱਥੇ ਉਸਦੇ 10-12 ਦੋਸਤ ਮੌਜੂਦ ਸਨ। ਸਾਰੇ ਦੋਸਤਾਂ ਨੇ ਇਕੱਠੇ ਸ਼ਰਾਬ ਪੀਤੀ।
ਇਸ ਤੋਂ ਬਾਅਦ ਅਜੀਤ ਰੋਡ ਤੋਂ ਇਹ ਸਾਰੇ ਲੋਕ ਦਾਦੀ ਪੋਟੀ ਪਾਰਕ ਦੇ ਸਾਹਮਣੇ ਮਾਡਲ ਟਾਊਨ ਫੇਜ਼-3 ਦੇ ਬਾਜ਼ਾਰ ਵਿਚ ਗਏ। ਉਥੇ ਉਕਤ ਨੌਜਵਾਨਾਂ ਦੀ ਇਮਰੋਜ਼ ਨਾਲ ਝੜਪ ਹੋ ਗਈ। ਇਸ ਦੌਰਾਨ 4-5 ਨੌਜਵਾਨਾਂ ਨੇ ਮਿਲ ਕੇ ਇਮਰੋਜ਼ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸੋਮਵਾਰ ਨੂੰ ਪਿੰਡ ਲਾਲਬਾਈ ਦੀ ਪੰਚਾਇਤ ਅਤੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਸਿਵਲ ਲਾਈਨ ਥਾਣੇ ਪਹੁੰਚ ਕੇ ਮੁਲਜ਼ਮ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ। ਡੀ. ਐੱਸ. ਪੀ. ਸਿਟੀ ਸਰਬਜੀਤ ਸਿੰਘ ਨੇ ਦੱਸਿਆ ਕਿ ਸ਼ਰਾਬ ਦੇ ਨਸ਼ੇ ਵਿਚ ਮਾਮੂਲੀ ਝਗੜਾ ਵਧ ਗਿਆ, ਜਿਸ ਤੋਂ ਬਾਅਦ 4-5 ਨੌਜਵਾਨਾਂ ਨੇ ਇਮਰੋਜ਼ ਦਾ ਕਤਲ ਕਰ ਦਿੱਤਾ ਅਤੇ ਭੱਜ ਗਏ।
ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Read More : ਪੁਲਸ ਨਾਲ ਮੁਕਾਬਲੇ ਦੌਰਾਨ ਗੈਂਗਸਟਰ ਗੁਰਪ੍ਰੀਤ ਬੱਬੂ ਗ੍ਰਿਫ਼ਤਾਰ