ਲਾਸ਼ ਸੜਕ ’ਤੇ ਰੱਖ ਕੇ ਪਿੰਡ ਵਾਸੀਆਂ ਨੇ ਸਮਾਣਾ-ਭਵਾਨੀਗੜ੍ਹ ਰੋਡ ਕੀਤਾ ਜਾਮ
ਸਮਾਣਾ, 6 ਦਸੰਬਰ : ਇਕ ਨਵੰਬਰ ਨੂੰ ਪਿੰਡ ਫਤਿਹਗੜ੍ਹ ਛੰਨਾ ਵਿਖੇ ਤਿੰਨ ਦੋਸਤਾਂ ਦੀ ਹੋਈ ਲੜਾਈ ਦੌਰਾਨ ਜ਼ਖ਼ਮੀ ਹੋਏ ਨੌਜਵਾਨ ਦੀ ਬੀਤੀ ਰਾਤ ਮੌਤ ਹੋ ਗਈ, ਜਿਸ ਦੇ ਰੋਸ ਵਜੋਂ ਪਿੰਡ ਫਤਿਹਗੜ੍ਹ ਛੰਨਾ ਦੇ ਸੈਂਕੜੇ ਮਰਦ-ਔਰਤਾਂ ਨੇ ਦੁਪਹਿਰ ਬਾਅਦ ਸਮਾਣਾ-ਭਵਾਨੀਗੜ੍ਹ ਸੜਕ ’ਤੇ ਲਾਸ਼ ਰੱਖ ਕੇ ਪੰਜਾਬ ਪੁਲਸ ਖਿਲਾਫ ਨਾਅਰੇਬਾਜ਼ੀ ਕਰਦਿਆਂ ਮੁਲਜ਼ਮਾਂ ਨੂੰ ਫੜਨ ਦੀ ਮੰਗ ਕੀਤੀ।
ਜਾਣਕਾਰੀ ਦਿੰਦਿਆਂ ਮ੍ਰਿਤਕ ਅੰਮ੍ਰਿਤਪਾਲ ਸਿੰਘ (23) ਦੇ ਪਿਤਾ ਗੁਰਜੰਟ ਸਿੰਘ ਨੇ ਦੱਸਿਆ ਕਿ 1 ਨਵੰਬਰ ਦੀ ਰਾਤ ਨੂੰ ਉਸ ਦੇ ਨਾਲ ਸੈਲਰ ’ਚ ਕੰਮ ਕਰਦੇ ਦੋਸਤ ਉਸ ਦੇ ਲੜਕੇ ਨੂੰ ਘਰੋ ਬੁਲਾ ਕੇ ਲੈ ਗਏ ਸਨ। ਦੇਰ ਰਾਤ ਨੂੰ ਹੀ ਉਨ੍ਹਾਂ ਦਾ ਨਮਾਦਾਂ ਸ਼ਰਾਬ ਠੇਕੇ ਨੇੜੇ ਉਸ ਨਾਲ ਦੋਸਤਾਂ ਦਾ 250 ਰੁਪਏ ਦੇ ਲੈਣ ਦੇਣ ਦੇ ਮਸਲੇ ਨੂੰ ਲੈ ਕੇ ਹੋਏ ਝਗੜੇ ਦੌਰਾਨ ਉਸ ਦੇ ਦੋਸਤ ਉਸ ਨਾਲ ਕੁੱਟਮਾਰ ਕਰ ਕੇ ਉਸ ਨੂੰ ਮਰਿਆ ਸਮਝ ਕੇ ਗੰਦੇ ਨਾਲੇ ’ਚ ਸੁੱਟ ਗਏ, ਜਿਸਨੂੰ ਉਨ੍ਹਾਂ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਸਵੇਰੇ ਗੰਦੇ ਨਾਲੇ ’ਚੋਂ ਕੱਢ ਕੇ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਸ ਦੀ ਬੀਤੀ ਰਾਤ ਨੂੰ ਇਲਾਜ ਦੌਰਾਨ ਮੌਤ ਹੋ ਗਈ।
ਉਸ ਨੇ ਦੱਸਿਆ ਕਿ ਇਕ ਨਵੰਬਰ ਤੋਂ ਬਾਅਦ ਜਦੋਂ ਗਾਜੇਵਾਸ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਤਾਂ ਪੁਲਸ ਨੇ ਇਕ ਲੜਕੇ ਬੰਟੀ ਖਿਲਾਫ ਕੁੱਟਮਾਰ ਦਾ ਮਾਮਲਾ ਦਰਜ ਕਰ ਕੇ ਬਾਕੀਆਂ ਨੂੰ ਛੱਡ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਸਾਰੇ ਮੁਲਜ਼ਮਾਂ ਨੂੰ ਫੜ ਕੇ ਉਨ੍ਹਾਂ ਖਿਲਾਫ ਕਤਲ ਦਾ ਮਾਮਲਾ ਦਰਜ ਨਹੀਂ ਕੀਤਾ ਜਾਂਦਾ ਤਾਂ ਉਹ ਉਦੋਂ ਤੱਕ ਲਾਸ਼ ਦਾ ਸੰਸਕਾਰ ਨਹੀਂ ਕਰਨਗੇ।
ਇਸ ਸਬੰਧੀ ਥਾਣਾ ਸਦਰ ਮੁਖੀ ਅਜੇ ਕੁਮਾਰ ਪਰੋਚਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਨੇ ਇਕ ਮੁਲਜ਼ਮ ਨੂੰ ਪਹਿਲਾਂ ਹੀ ਮੁਕੱਦਮਾ ਨੰਬਰ 217 ਦਰਜ ਕਰ ਕੇ ਕਾਬੂ ਕਰ ਲਿਆ ਸੀ। ਉਸ ਮਾਮਲੇ ’ਚ ਜੁਰਮ ਦਾ ਵਾਧਾ ਕਰ ਕੇ ਬਾਕੀ ਮੁਲਜ਼ਮਾਂ ਨੂੰ ਤਫਤੀਸ਼ ਅਧੀਨ ਲਿਆ ਕੇ ਗ੍ਰਿਫਤਾਰ ਕੀਤਾ ਜਾਵੇਗਾ।
Read More : ਦਿੱਲੀ ’ਚ 2 ਥਾਵਾਂ ’ਤੇ ਬੰਬ ਧਮਾਕੇ ਦੀ ਧਮਕੀ
