ਲਖਨਊ, 5 ਦਸੰਬਰ : ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਆਜ਼ਮ ਖਾਨ ਦੇ ਬੇਟੇ ਅਤੇ ਸਾਬਕਾ ਵਿਧਾਇਕ ਅਬਦੁੱਲਾ ਆਜ਼ਮ ਖਾਂ ਨੂੰ 2 ਪਾਸਪੋਰਟ ਬਣਵਾਉਣ ਦੇ ਮਾਮਲੇ ’ਚ ਐੱਮ. ਪੀ.-ਐੱਮ. ਐੱਲ. ਏ. ਸਪੈਸ਼ਲ ਕੋਰਟ (ਮੈਜਿਸਟ੍ਰੇਟ ਟ੍ਰਾਇਲ) ਨੇ 7 ਸਾਲ ਦੀ ਸਜ਼ਾ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਇਸਤਗਾਸਾ ਪੱਖ ਦੇ ਵਕੀਲ ਸੰਦੀਪ ਸਕਸੈਨਾ ਨੇ ਦੱਸਿਆ ਕਿ ਇਸ ਮਾਮਲੇ ’ਚ ਪਿਛਲੀਆਂ ਤਰੀਕਾਂ ’ਚ ਬਹਿਸ ਪੂਰੀ ਹੋ ਚੁੱਕੀ ਸੀ, ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਫੈਸਲਾ ਸੁਣਾਇਆ ਗਿਆ। ਅਬਦੁੱਲਾ ਆਜ਼ਮ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ’ਚ ਪੇਸ਼ ਹੋਏ।
ਭਾਜਪਾ ਵਿਧਾਇਕ ਆਕਾਸ਼ ਸਕਸੈਨਾ ਨੇ ਸਿਵਲਲਾਈਨਜ਼ ਥਾਣੇ ’ਚ ਰਿਪੋਰਟ ਦਰਜ ਕਰਵਾਈ ਸੀ, ਜਿਸ ’ਚ ਅਬਦੁੱਲਾ ਆਜ਼ਮ ’ਤੇ ਵੱਖ-ਵੱਖ ਜਨਮ ਤਰੀਕਾਂ ਦੇ ਆਧਾਰ ’ਤੇ 2 ਪਾਸਪੋਰਟ ਬਣਵਾਉਣ ਦਾ ਦੋਸ਼ ਸੀ। ਪੁਲਸ ਨੇ ਮਾਮਲੇ ਦੀ ਜਾਂਚ ਪੂਰੀ ਕਰ ਕੇ ਦੋਸ਼-ਪੱਤਰ ਅਦਾਲਤ ’ਚ ਦਾਖਲ ਕੀਤਾ, ਜਿਸ ਤੋਂ ਬਾਅਦ ਐੱਮ. ਪੀ.-ਐੱਮ. ਐੱਲ. ਏ. ਕੋਰਟ ’ਚ ਇਸ ਦੀ ਸੁਣਵਾਈ ਚੱਲ ਰਹੀ ਸੀ।
Read More : ਬਿਜਲੀ ਸੋਧ ਬਿੱਲ ਖਿਲਾਫ਼ ਕਿਸਾਨਾਂ ਵੱਲੋਂ ਪੰਜਾਬ ’ਚ 2 ਘੰਟੇ ਰੇਲਾਂ ਦਾ ਚੱਕਾ ਜਾਮ
