ਲਾਲ ਸਿੰਘ

ਕਾਂਗਰਸ ਦੀ ਸਿਆਸਤ ਦੇ ਭੀਸ਼ਮ ਪਿਤਾਮਾ ਸਾਬਕਾ ਖ਼ਜ਼ਾਨਾ ਮੰਤਰੀ ਲਾਲ ਸਿੰਘ ਨਹੀਂ ਰਹੇ

ਅੰਤਿਮ ਸਸਕਾਰ ਐਤਵਾਰ ਬੀਰ ਜੀ ਸ਼ਮਸ਼ਾਨਘਾਟ ਵਿਖੇ ਦੁਪਹਿਰ 3:00 ਵਜੇ

ਪਟਿਆਲਾ, 28 ਮਾਰਚ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਖ਼ਜ਼ਾਨਾ ਮੰਤਰੀ ਸਮੇਤ 15 ਵਿਭਾਗਾਂ ਦੇ ਕੈਬਨਿਟ ਮੰਤਰੀ ਰਹਿ ਚੁੱਕੇ ਸ. ਲਾਲ ਸਿੰਘ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਸੰਖੇਪ ਬਿਮਾਰੀ ਤੋਂ ਬਾਅਦ ਸ਼ਨੀਵਾਰ ਨੂੰ ਉਨ੍ਹਾਂ ਨੇ ਮੈਕਸ ਹਸਪਤਾਲ ’ਚ ਅੰਤਿਮ ਸਾਹ ਲਿਆ। ਪਰਿਵਾਰਕ ਮੈਂਬਰਾਂ ਮੁਤਾਬਕ ਸ. ਲਾਲ ਸਿੰਘ ਦਾ ਅੰਤਿਮ ਸਸਕਾਰ ਬੀਰ ਜੀ ਸ਼ਮਸ਼ਾਨਘਾਟ ਪਟਿਆਲਾ ਵਿਖੇ ਐਤਵਾਰ 29 ਮਾਰਚ ਨੂੰ ਬਾਅਦ ਦੁਪਹਿਰ 3:00 ਵਜੇ ਹੋਵੇਗਾ।

ਸਿਆਸੀ ਸਫ਼ਰ ’ਤੇ ਇਕ ਨਜ਼ਰ

ਸੁੰਦਰ ਸਿੰਘ ਦੇ ਘਰ 24 ਜਨਵਰੀ 1942 ਨੂੰ ਪੈਦਾ ਹੋਏ ਸ. ਲਾਲ ਸਿੰਘ 1977 ’ਚ ਡਕਾਲਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਹੇ। ਇਸ ਤੋਂ ਬਾਅਦ ਉਹ 1980, 1992, 2002, 2007 ’ਚ ਡਕਾਲਾ ਅਤੇ 2012 ’ਚ ਸਨੌਰ ਹਲਕੇ ਤੋਂ ਵਿਧਾਇਕ ਚੁਣੇ ਗਏ। ਉਹ ਵਿੱਤ, ਪਲਾਨਿੰਗ, ਫੂਡ ਸਪਲਾਈ, ਸਿੰਚਾਈ, ਬਿਜਲੀ, ਸਹਿਕਾਰਤਾ ਅਤੇ ਪੰਚਾਇਤੀ ਰਾਜ ਵਰਗੇ 15 ਤੋਂ ਵੱਧ ਵਿਭਾਗਾਂ ਦੇ ਕੈਬਨਿਟ ਮੰਤਰੀ ਰਹੇ। ਉਹ ਪਨਸਪ ਦੇ ਚੇਅਰਮੈਨ ਤੋਂ ਇਲਾਵਾ 2017 ਤੋਂ 2022 ਤੱਕ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਵੀ ਰਹੇ।

ਲਾਲ ਸਿੰਘ ਨੂੰ ਪੰਜਾਬ ਦੀ ਰਾਜਨੀਤੀ ਦਾ ‘ਬਾਬਾ ਬੋਹੜ’ ਮੰਨਿਆ ਜਾਂਦਾ ਹੈ, ਜਿਨ੍ਹਾਂ ਨੇ ਹਮੇਸ਼ਾ ਕਿਸੇ ਧੜੇ ਦੀ ਬਜਾਏ ਪਾਰਟੀ ਦੀ ਰਾਜਨੀਤੀ ਕੀਤੀ। ਜਦੋਂ ਵੀ ਕਾਂਗਰਸ ਜਾਂ ਪੰਜਾਬ ਦੀ ਸਿਆਸਤ ’ਚ ਕੋਈ ਸੰਕਟ ਪੈਦਾ ਹੋਇਆ, ਉਨ੍ਹਾਂ ਨੇ ਹਮੇਸ਼ਾ ਇਕ ਨਵੀਂ ਦਿਸ਼ਾ ਦਿਖਾਈ। ਇਹੀ ਕਾਰਨ ਸੀ ਕਿ ਪੰਜਾਬ ਦੇ ਸਾਰੇ ਘਾਗ ਸਿਆਸਤਦਾਨ ਉਨ੍ਹਾਂ ਦਾ ਸਤਿਕਾਰ ਕਰਦੇ ਸਨ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੁਣਦਿਆਂ ਹੀ ਪੂਰੇ ਪੰਜਾਬ ’ਚ ਸ਼ੋਕ ਦੀ ਲਹਿਰ ਫੈਲ ਗਈ ਅਤੇ ਵੱਖ-ਵੱਖ ਖੇਤਰਾਂ ਦੇ ਲੋਕ ਉਨ੍ਹਾਂ ਦੇ ਨਿਵਾਸ ’ਤੇ ਪਹੁੰਚਣੇ ਸ਼ੁਰੂ ਹੋ ਗਏ ਹਨ।

ਵੱਖ-ਵੱਖ ਆਗੂਆਂ ਵੱਲੋਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ

ਉਨ੍ਹਾਂ ਦੇ ਅਕਾਲ ਚਲਾਣੇ ਦੀ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਦੇ ਨਿਵਾਸ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਦਿੱਲੀ ਹਾਈਕਮਾਂਡ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਸਮੇਤ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਲਾਲ ਸਿੰਘ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਲਾਲ ਸਿੰਘ ਸਾਰੀਆਂ ਰਾਜਨੀਤਕ ਪਾਰਟੀਆਂ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨਾਲ ਸਿੱਧੇ ਤੌਰ ’ਤੇ ਜੁੜੇ ਹੋਏ ਸਨ, ਜਿਸ ਕਾਰਨ ਉਨ੍ਹਾਂ ਦੀ ਮੌਤ ਦੀ ਖ਼ਬਰ ਆਉਂਦੇ ਹੀ ਸਾਰੇ ਪਾਸੇ ਸ਼ੋਕ ਦੀ ਲਹਿਰ ਦੌੜ ਗਈ।

Read More : ਪੁਲਸ ਹਿਰਾਸਤ ’ਚੋਂ ਭੱਜੇ ਪਤੀ ਨੂੰ ਥਾਰ ’ਚ ਬਿਠਾ ਕੇ ਪਤਨੀ ਫ਼ਰਾਰ

Leave a Reply

Your email address will not be published. Required fields are marked *