ਜ਼ਖਮੀ ਨਿਤਿਨ ਨੰਦਾ ਨੂੰ ਡਾਕਟਰਾਂ ਨੇ ਪੀ. ਜੀ. ਆਈ. ਕੀਤਾ ਰੈਫਰ
ਸ੍ਰੀ ਅਨੰਦਪੁਰ ਸਾਹਿਬ, 29 ਅਕਤੂਬਰ : ਅਗੰਮਪੁਰ ਵਿਖੇ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਪਹੁੰਚੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਿਤਿਨ ਨੰਦਾ ’ਤੇ ਚੰਡੀਗੜ੍ਹ ਪੁਲਸ ਦੇ ਸਾਬਕਾ ਡੀ. ਐੱਸ. ਪੀ. ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਵਿਚ ਨਿਤਿਨ ਨੰਦਾ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਸ੍ਰੀ ਅਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਵੱਲੋਂ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ।
ਗੁਰਦੀਪ ਸਿੰਘ ਗੋਸਲ ਐੱਸ. ਪੀ. ਰੂਪਨਗਰ ਨੇ ਦੱਸਿਆ ਕਿ ਨੇੜਲੇ ਪਿੰਡ ਅਗੰਮਪੁਰ ਤੋਂ ਪਿੰਡ ਝੱਜ ਚੌਕ ਜਾਂਦਿਆਂ ਰਸਤੇ ਵਿਚ ਚੱਲ ਰਹੇ ਇਕ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਲਈ ਪਹੁੰਚੇ ‘ਆਪ’ ਆਗੂ ਨਿਤਿਨ ਨੰਦਾ ਉੱਪਰ ਚੰਡੀਗੜ੍ਹ ਪੁਲਸ ਦੇ ਸਾਬਕਾ ਡੀ.ਐੱਸ.ਪੀ. ਦਿਲਸ਼ੇਰ ਰਾਣਾ ਅਤੇ ਉਸਦੇ ਦੋ ਹੋਰ ਸਾਥੀਆਂ ਵੱਲੋਂ ਤਿੰਨ ਫਾਇਰ ਕਰ ਦਿੱਤੇ ਗਏ ਜਿਸ ਵਿਚੋਂ ਇਕ ਗੋਲੀ ਨਿਤਿਨ ਨੰਦਾ ਦੇ ਲੱਗੀ ਹੈ, ਜਿਸ ਵਿਚ ਨਿਤਿਨ ਨੰਦਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।
ਉਨ੍ਹਾਂ ਦੱਸਿਆ ਕਿ ਗੰਭੀਰ ਜ਼ਖਮੀ ਹੋਏ ਨਿਤਿਨ ਨੰਦਾ ਨੂੰ ਉਸਦੇ ਸਾਥੀਆਂ ਵੱਲੋਂ ਤੁਰੰਤ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਪੀ.ਜੀ.ਆਈ. ਚੰਡੀਗੜ੍ਹ ਵਿਖੇ ਰੈਫਰ ਕੀਤਾ ਗਿਆ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਸਾਨੂੰ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਦੀ ਪ੍ਰਾਪਰਟੀ ਨੂੰ ਲੈ ਕੇ ਕੋਈ ਪੁਰਾਣੀ ਰੰਜਿਸ਼ ਚਲਦੀ ਆ ਰਹੀ ਸੀ ਜਿਸ ’ਤੇ ਅੱਜ ਇਹ ਵਿਵਾਦ ਹੋ ਗਿਆ।
Read More : ‘ਆਪ’ ਵਿਧਾਇਕ ਕੁਲਵੰਤ ਸਿੰਘ ਸਮੇਤ 6 ਵਿਰੁੱਧ ਐੱਫਆਈਆਰ ਦਰਜ
