ਪਟਿਆਲਾ, 31 ਅਕਤੂਬਰ : ਜ਼ਿਲਾ ਪਟਿਆਲਾ ਦੇ ਰਾਘੋ ਮਾਜਰਾ ਇਲਾਕੇ ਵਿਚ ਸਾਬਕਾ ਅਕਾਲੀ ਕੌਂਸਲਰ ਬੱਬੀ ਮਾਨ ਦੀ ਆਪਣੀ ਹੀ ਰਿਵਾਲਵਰ ਨਾਲ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ ਹੈ।
ਇਹ ਘਟਨਾ ਸ਼ੁੱਕਰਵਾਰ ਦੁਪਹਿਰੇ ਉਸ ਸਮੇਂ ਵਾਪਰੀ, ਜਦੋਂ ਬੱਬੀ ਮਾਨ ਆਪਣੇ ਦਫਤਰ ‘ਚ ਬੈਠੇ ਸਨ। ਗੋਲ਼ੀ ਚੱਲਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਤੇ ਪਰਿਵਾਰਕ ਮੈਂਬਰ ਮੌਕੇ ’ਤੇ ਪੁੱਜੇ ਅਤੇ ਪੁਲਿਸ ਨੂੰ ਸੂਚਨਾ ਦਿੱਤੀ।
ਜਾਣਕਾਰੀ ਅਨੁਸਾਰ ਰਾਘੋ ਮਾਜਰਾ ਵਿਖੇ ਸਥਿਤ ਹਨੂੰਮਾਨ ਮੰਦਰ ਕੋਲ ਸਾਬਕਾ ਕੌਂਸਲਰ ਬੱਬੀ ਮਾਨ ਦੀ ਰਿਹਾਇਸ਼ ਹੈ ਤੇ ਸੜਕ ਦੇ ਦੂਸਰੇ ਇਸਦਾ ਦਫਤਰ ਬਣਿਆ ਹੋਇਆ ਹੈ। ਦੁਪਹਿਰ ਸਮੇਂ ਬੱਬੀ ਘਰ ਤੋਂ ਆਪਣੇ ਦਫਤਰ ‘ਚ ਆਇਆ ਸੀ ਤੇ ਕੁਝ ਸਮੇਂ ਬਾਅਦ ਹੀ ਗੋਲ਼ੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਤੇ ਅੰਦਰ ਸਾਬਕਾ ਕੌਂਸਲਰ ਦੀ ਖ਼ੂਨ ਨਾਲ ਲੱਥਪੱਥ ਲਾਸ਼ ਮਿਲੀ ਹੈ।
ਥਾਣਾ ਕੋਤਵਾਲੀ ਮੁਖੀ ਜਸਪ੍ਰੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਮੌਕੇ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਮੁੱਢਲੀ ਜਾਂਚ ਵਿਚ ਖੁਦਕੁਸ਼ੀ ਹੋਣਾ ਪਾਇਆ ਗਿਆ ਹੈ, ਬਾਕੀ ਫੋਰੈਂਸਿਕ, ਮੈਡੀਕਲ ਤੇ ਹੋਰ ਜਾਂਚ ਤੋਂ ਬਾਅਦ ਪੁਸ਼ਟੀ ਹੋ ਸਕਦੀ ਹੈ। ਇੰਸਪੈਕਟਰ ਕਾਹਲੋਂ ਨੇ ਦੱਸਿਆ ਕਿ ਫਿਲਹਾਲ ਪਰਿਵਾਰ ਵਲੋਂ ਵੀ ਕਿਸੇ ਤਰ੍ਹਾਂ ਦੀ ਸ਼ਿਕਾਇਤ ਜਾਂ ਸ਼ੱਕ ਜ਼ਾਹਿਰ ਨਹੀਂ ਕੀਤਾ ਗਿਆ ਹੈ। ਪੁਲਿਸ ਦੀ ਜਾਂਚ ਜਾਰੀ ਹੈ।
Read More : ਵਿਧਾਇਕਾ ਭਰਾਜ ਨੇ ਪਿੰਡਾਂ ’ਚ ਖੇਡ ਮੈਦਾਨਾਂ ਦੇ ਨਿਰਮਾਣ ਦੇ ਕੰਮ ਕਰਵਾਏ ਸ਼ੁਰੂ

