Shaheed Bhagat Singh Dhogal

ਸ਼ਹੀਦਾਂ ਦੇ ਨਕਸ਼ੇ ਕਦਮਾਂ ’ਤੇ ਚੱਲ ਕੇ ਪੰਜਾਬ ਦੀ ਕਰ ਰਹੇ ਹਾਂ ਸੇਵਾ : ਮੁੱਖ ਮੰਤਰੀ

ਸ਼ਹੀਦ ਭਗਤ ਸਿੰਘ ਢਢੋਗਲ ਦੀ ਬਰਸੀ ਮੌਕੇ ਕੀਤੇ ਸ਼ਰਧਾ ਦੇ ਫੁੱਲ ਭੇਟ

ਪਰਜਾ ਮੰਡਲ ਲੀਡਰ ਦੀ ਯਾਦ ਵਿਚ ਦੋ ਸੜਕਾਂ ਦਾ ਰੱਖਿਆ ਨੀਂਹ ਪੱਥਰ

ਸੰਗਰੂਰ, 10 ਅਗਸਤ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਮਹਾਨ ਸ਼ਹੀਦਾਂ ਦੇ ਨਕਸ਼ੇ ਕਦਮਾਂ ’ਤੇ ਚਲਦਿਆਂ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਖਾਸ ਕਰ ਕੇ ਆਰਥਿਕ ਤੌਰ ’ਤੇ ਕਮਜ਼ੋਰ ਅਤੇ ਦੱਬੇ-ਕੁਚਲੇ ਵਰਗਾਂ ਲਈ ਕਲਿਆਣਕਾਰੀ ਕਾਰਜਾਂ ਨੂੰ ਯਕੀਨੀ ਬਣਾ ਰਹੀ ਹੈ।

ਅੱਜ ਇੱਥੇ ਸ਼ਹੀਦ ਭਗਤ ਸਿੰਘ ਢਢੋਗਲ ਦੀ ਬਰਸੀ ਮੌਕੇ ਸਮਾਗਮ ਦੌਰਾਨ ਇਕੱਠ ਨੂੰ ਸੰਬਧੋਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਪਵਿੱਤਰ ਧਰਤੀ ਨੂੰ ਮਹਾਨ ਗੁਰੂ ਸਾਹਿਬਾਨ, ਸੰਤਾਂ-ਮਹਾਪੁਰਸ਼ਾਂ, ਪੀਰਾਂ ਤੇ ਸ਼ਹੀਦਾਂ ਦੀ ਛੋਹ ਪ੍ਰਾਪਤ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬੀਆਂ ਵਿਚ ਸਖਤ ਮਿਹਨਤ ਕਰਨ ਦਾ ਅਮਿੱਟ ਜਜ਼ਬਾ ਹੈ, ਜਿਸ ਕਰ ਕੇ ਉਨ੍ਹਾਂ ਨੇ ਹਰੇਕ ਖੇਤਰ ਵਿਚ ਮੁਕਾਮ ਹਾਸਲ ਕੀਤਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਮਾਜਿਕ ਰਿਸ਼ਤਿਆਂ ਦੀਆਂ ਤੰਦਾਂ ਇੰਨੀਆਂ ਮਜ਼ਬੂਤ ਹਨ ਕਿ ਇੱਥੋਂ ਦੀ ਜਰਖੇਜ਼ ਜ਼ਮੀਨ ’ਤੇ ਕੁਝ ਵੀ ਪੈਦਾ ਕੀਤਾ ਜਾ ਸਕਦਾ ਹੈ ਪਰ ਕਦੇ ਨਫ਼ਰਤ ਦਾ ਬੀਜ ਨਹੀਂ ਪੁੰਗਰ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਮਹਾਨ ਗੁਰੂਆਂ, ਸੰਤਾਂ ਤੇ ਪੈਗੰਬਰਾਂ ਦੀ ਪਵਿੱਤਰ ਧਰਤੀ ਹੈ ਜਿਨ੍ਹਾਂ ਨੇ ਸਾਨੂੰ ਆਪਸੀ ਪਿਆਰ ਤੇ ਸਹਿਣਸ਼ੀਲਤਾ ਦਾ ਰਸਤਾ ਦਿਖਾਇਆ ਹੈ।

ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਪਿਆਰ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਕੇ ਜ਼ੁਲਮ, ਬੇਇਨਸਾਫ਼ੀ ਤੇ ਜ਼ੁਲਮ ਦਾ ਵਿਰੋਧ ਕੀਤਾ। ਸੂਬਾ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵੱਡੇ ਯਤਨ ਕਰ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰੇਕ ਨਾਗਰਿਕ ਨੂੰ ਆਜ਼ਾਦੀ ਦਾ ਲਾਭ ਮਿਲ ਸਕੇ।

ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਆਜ਼ਾਦੀ ਦੇ 75 ਸਾਲਾਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਅਦ ਵੀ ਆਜ਼ਾਦੀ ਦਾ ਫਾਇਦਾ ਹਰ ਘਰ ਤੱਕ ਨਹੀਂ ਪਹੁੰਚਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੱਤਾ ਵਿੱਚ ਬੈਠੇ ਲੋਕਾਂ ਨੇ ਚਿੱਟੇ ਵਰਗੇ ਨਸ਼ੇ ਫੈਲਾਉਣ, ਲੋਕਾਂ ਨੂੰ ਲੁੱਟ ਕੇ ਦੌਲਤ ਇਕੱਠੀ ਕਰਨ, ਭ੍ਰਿਸ਼ਟਾਚਾਰੀ ਗਤੀਵਿਧੀਆਂ ਨੂੰ ਹੱਲਾਸ਼ੇਰੀ ਦੇਣ ਵਰਗੀਆਂ ਅਲਾਮਤਾਂ ਲਈ ਆਜ਼ਾਦੀ ਦੀ ਦੁਰਵਰਤੋਂ ਕੀਤੀ ਹੈ।

ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਕੌਮੀ ਆਜ਼ਾਦੀ ਅੰਦੋਲਨ ਵਿਚ ਵੱਡੀ ਭੂਮਿਕਾ ਨਿਭਾਈ ਹੈ ਤੇ ਸੱਤਾ ਵਿੱਚ ਬੈਠੇ ਲੋਕਾਂ ਤੋਂ ਉਨ੍ਹਾਂ ਦੀ ਦੇਸ਼ ਭਗਤੀ ਲਈ ਕਿਸੇ ਵੀ ਤਰ੍ਹਾਂ ਦੀ ਐੱਨ.ਓ.ਸੀ. ਦੀ ਲੋੜ ਨਹੀਂ ਹੈ। ਇਨ੍ਹਾਂ ਮਹਾਨ ਦੇਸ਼ ਭਗਤਾਂ ਤੇ ਕੌਮੀ ਆਗੂਆਂ ਪ੍ਰਤੀ ਇਸ ਤਰ੍ਹਾਂ ਦਾ ਨਿਰਾਦਰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਪਿਛਲੀਆਂ ਸਰਕਾਰਾਂ ਦੀ ਮਾੜੀ ਕਾਰਗੁਜ਼ਾਰੀ ਕਾਰਨ ਸੂਬੇ ਦੇ ਨੌਜਵਾਨਾਂ ਨੂੰ ਉਸ ਦੇਸ਼ ਵਿਚ ਜਾ ਕੇ ਕੰਮ ਕਰਨਾ ਪਿਆ, ਜਿਸ ਦੇ ਸ਼ਾਸਕਾਂ ਨੂੰ ਸਾਡੇ ਸ਼ਹੀਦਾਂ ਤੇ ਦੇਸ਼ ਭਗਤਾਂ ਨੇ ਦੇਸ਼ ’ਚੋਂ ਭਜਾ ਦਿੱਤਾ ਸੀ। ਪਿਛਲੀਆਂ ਸਰਕਾਰਾਂ ਦੇ ਆਗੂਆਂ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਆਪਣੇ ਸਰਕਾਰੀ ਅਹੁਦਿਆਂ ਦੀ ਦੁਰਵਰਤੋਂ ਕਰ ਕੇ ਬੇਸ਼ੁਮਾਰ ਦੌਲਤ ਇਕੱਠੀ ਕੀਤੀ ਤੇ ਆਪਣੇ ਲਈ ਵੱਡੇ-ਵੱਡੇ ਮਹਿਲਨੁਮਾ ਘਰ ਬਣਾਏ।

ਸ. ਮਾਨ ਨੇ ਕਿਹਾ ਕਿ ਬਹੁਤ ਅਫ਼ਸੋਸਜਨਕ ਹੈ ਕਿ ਰਵਾਇਤੀ ਰਾਜਨੀਤਿਕ ਪਾਰਟੀਆਂ ਦੇ ਉਦਾਸੀਨ ਰਵੱਈਏ ਕਾਰਨ ਸੂਬੇ ਦੇ ਵਿਕਾਸ ਦੀ ਗਤੀ ਵੀ ਪੱਛੜ ਕੇ ਰਹਿ ਗਈ। ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਆਪਣੇ ਰਸੂਖ਼ ਤੇ ਸ਼ਕਤੀਆਂ ਦੀ ਦੁਰਵਰਤੋਂ ਕਰਕੇ ਸੂਬੇ ਦੀ ਨੌਜਵਾਨ ਪੀੜ੍ਹੀ ਨੂੰ ਬਰਬਾਦੀ ਵੱਲ ਧੱਕ ਦਿੱਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਕਦੇ ਵੀ ਲੋਕਾਂ ਦੀ ਭਲਾਈ ਬਾਰੇ ਨਹੀਂ ਸੋਚਿਆ ਸਗੋਂ ਉਨ੍ਹਾਂ ਦਾ ਧਿਆਨ ਸਿਰਫ਼ ਆਪਣੇ ਪਰਿਵਾਰਾਂ ਨੂੰ ਖੁਸ਼ਹਾਲ ਕਰਨ ਵੱਲ ਰਿਹਾ।

ਇਸ ਦੌਰਾਨ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ‘ਹਿੰਦ ਦੀ ਚਾਦਰ’ (ਮਨੁੱਖਤਾ ਦੇ ਰਾਖੇ) ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਦੇ ਇਤਿਹਾਸਕ ਮੌਕੇ ਨੂੰ ਮਨਾਉਣ ਲਈ ਇਤਿਹਾਸਕ ਸਮਾਗਮ ਕਰਵਾਏ ਜਾਣਗੇ। ਗੁਰੂ ਸਾਹਿਬ ਜੀ ਦੇ ਚਰਨ ਛੋਹ ਪਿੰਡਾਂ ਤੇ ਨਗਰਾਂ ਦਾ ਵਿਆਪਕ ਵਿਕਾਸ ਯਕੀਨੀ ਬਣਾਇਆ ਜਾਵੇਗਾ ਜਿਸ ਲਈ ਵਿਸਥਾਰਤ ਯੋਜਨਾ ਪਹਿਲਾਂ ਹੀ ਤਿਆਰ ਕੀਤੀ ਜਾ ਚੁੱਕੀ ਹੈ।

ਮੁੱਖ ਮੰਤਰੀ ਨੇ ਦੁਹਰਾਇਆ ਕਿ ਸੂਬਾ ਸਰਕਾਰ ਨਸ਼ਿਆਂ ਦੀ ਲਾਹਨਤ ਰਾਹੀਂ ਨੌਜਵਾਨਾਂ ਦੀ ਨਸਲਕੁਸ਼ੀ ਲਈ ਜ਼ਿੰਮੇਵਾਰ ‘ਜਰਨੈਲਾਂ’ ਪ੍ਰਤੀ ਕੋਈ ਨਰਮੀ ਨਹੀਂ ਵਰਤੇਗੀ। ਨਸ਼ਿਆਂ ਦੇ ਵਪਾਰ ਨੂੰ ਸਰਪ੍ਰਸਤੀ ਦੇਣ ਵਾਲੇ ਜਰਨੈਲਾਂ ਨੂੰ ਪਹਿਲਾਂ ਹੀ ਸਲਾਖਾਂ ਪਿੱਛੇ ਡੱਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਿਸੇ ਨੇ ਵੀ ਇਨ੍ਹਾਂ ਰਸੂਖ਼ਵਾਨ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੀ ਹਿੰਮਤ ਨਹੀਂ ਕੀਤੀ ਪਰ ਉਨ੍ਹਾਂ ਦੀ ਸਰਕਾਰ ਨੇ ਅਜਿਹਾ ਕਰ ਕੇ ਦਿਖਾਇਆ ਹੈ ਤੇ ਅਜਿਹੇ ਆਗੂਆਂ ਨੂੰ ਹਰ ਹੀਲੇ ਆਪਣੇ ਪਾਪਾਂ ਦੀ ਕੀਮਤ ਚੁਕਾਉਣੀ ਪਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਅਹੁਦਾ ਸੰਭਾਲਿਆ ਸੀ ਤਾਂ ਸੂਬੇ ਭਰ ਵਿਚ ਸਿਰਫ਼ 21 ਫੀਸਦੀ ਖੇਤੀਬਾੜੀ ਜ਼ਮੀਨ ਨੂੰ ਸਿੰਜਾਈ ਲਈ ਨਹਿਰੀ ਪਾਣੀ ਮਿਲ ਰਿਹਾ ਸੀ ਪਰ ਅੱਜ ਇਹ ਅੰਕੜਾ 63 ਫੀਸਦ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਸਿਰਤੋੜ ਯਤਨਾਂ ਸਦਕਾ ਇਹ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਨਹਿਰੀ ਤੇ ਦਰਿਆਈ ਪਾਣੀ ਸੂਬੇ ਦੀਆਂ ਟੇਲਾਂ ’ਤੇ ਵਸਦੇ ਪਿੰਡਾਂ ਤੱਕ ਪਹੁੰਚਿਆ ਹੈ।

ਸ਼ਹੀਦ ਭਗਤ ਸਿੰਘ ਢਢੋਗਲ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਉਨ੍ਹਾਂ ਸ਼ਹੀਦਾਂ ਦਾ ਸਦਾ ਰਿਣੀ ਹੈ, ਜਿਨ੍ਹਾਂ ਨੇ ਆਪਣੇ ਦੇਸ਼ ਖ਼ਾਤਰ ਸਾਰੇ ਸੰਸਾਰਕ ਸੁੱਖ, ਦੌਲਤ, ਜਾਇਦਾਦ ਤੇ ਮੋਹ ਤਿਆਗ ਦਿੱਤੇ ਤੇ ਆਜ਼ਾਦੀ ਦੇ ਜਨੂੰਨ ਨਾਲ ਹੋਰਨਾਂ ਨੂੰ ਵੀ ਪ੍ਰੇਰਿਤ ਕੀਤਾ।

ਉਨ੍ਹਾਂ ਕਿਹਾ ਕਿ ਸ਼ਹੀਦ ਸ. ਭਗਤ ਸਿੰਘ ਜੀ ਢਢੋਗਲ ਉਨ੍ਹਾਂ ਬਹਾਦਰ ਰੂਹਾਂ ਵਿੱਚੋਂ ਇਕ ਹਨ, ਜਿਨ੍ਹਾਂ ਨੇ ਤਾਕਤਵਰ ਹਕੂਮਤਾਂ ਦੇ ਜ਼ੁਲਮ, ਅੱਤਿਆਚਾਰ, ਬੇਇਨਸਾਫ਼ੀ ਤੇ ਵਿਤਕਰੇ ਵਿਰੁੱਧ ਲੜਨਾ ਆਪਣਾ ਫਰਜ਼ ਸਮਝਿਆ ਤੇ ਅੰਤ ਵਿਚ ਕੌਮ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਸ਼ਹੀਦ ਭਗਤ ਸਿੰਘ ਜੀ ਪਰਜਾ ਮੰਡਲ ਲਹਿਰ ਦੇ ਇਕ ਮੋਢੀ ਅਤੇ ਸੇਵਾ ਸਿੰਘ ਠੀਕਰੀਵਾਲ ਜੀ ਦੇ ਨਜ਼ਦੀਕੀ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਲਹਿਰ ਵਿਚ ਸਰਗਰਮ ਸ਼ਮੂਲੀਅਤ ਕਾਰਨ ਉਨ੍ਹਾਂ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਨ੍ਹਾਂ ਕਿਹਾ ਕਿ ਰਿਹਾਈ ਤੋਂ ਬਾਅਦ ਉਨ੍ਹਾਂ ਨੇ ਗੁਰਦੁਆਰਾ ਸੁਧਾਰ ਲਹਿਰ ਵਿਚ ਵੀ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਰਿਆਸਤੀ ਪਰਜਾ ਮੰਡਲ (ਪੀਪਲਜ਼ ਐਸੋਸੀਏਸ਼ਨ ਆਫ਼ ਦਿ ਪ੍ਰਿੰਸਲੀ ਸਟੇਟਸ) ਦੀ ਸਥਾਪਨਾ ਤੋਂ ਬਾਅਦ ਉਹ ਲਹਿਰ ਦੇ ਮੋਢੀ ਅਤੇ ਮੁੱਖ ਬੁਲਾਰੇ ਵਜੋਂ ਉੱਭਰ ਕੇ ਸਾਹਮਣੇ ਆਏ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ 17 ਕਰੋੜ 21 ਲੱਖ ਰੁਪਏ ਦੀ ਕੁੱਲ ਲਾਗਤ ਵਾਲੇ ਦੋ ਸੜਕੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਪਹਿਲੀ ਸੜਕ ਪੰਜਾਬ ਮੰਡੀ ਬੋਰਡ ਵੱਲੋਂ ਬਣਾਈ ਜਾ ਰਹੀ ਹੈ, ਜੋ ਧੂਰੀ-ਅਮਰਗੜ੍ਹ ਰੋਡ ਤੋਂ ਧੂਰੀ-ਛੀਂਟਾ ਵਾਲਾ ਰੋਡ ਤੱਕ ਲਿੰਕ ਰੋਡ ਨੂੰ ਜੋੜਦੀ ਹੈ ਤੇ ਢਢੋਗਲ, ਬੁਰਜ ਗੋਹਰਾ, ਬੁਰਜ ਸੇਡਾ, ਚੀਮਾ, ਭੜੀ ਮਾਨਸਾ ਅਤੇ ਸਮੁੰਦਗੜ੍ਹ ਛੰਨਾ ਵਿੱਚੋਂ ਲੰਘਦੀ ਹੈ।

ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦੂਜੀ ਸੜਕ ਲੋਕ ਨਿਰਮਾਣ ਵਿਭਾਗ ਵੱਲੋਂ ਬਣਾਈ ਜਾ ਰਹੀ ਹੈ, ਜੋ ਅਮਰਗੜ੍ਹ ਨੂੰ ਧੂਰੀ-ਬਾਗੜੀਆਂ ਰੋਡ ਨਾਲ ਜੋੜਦੀ ਹੈ ਤੇ ਢਢੋਗਲ, ਖੇੜੀ ਜੱਟਾਂ, ਲੋਹਾਰ ਮਾਜਰਾ ਤੇ ਈਸੀ (ਬਿਜਲੀ ਕਲੋਨੀ) ਵਿਚੋਂ ਲੰਘਦੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸੜਕਾਂ 18 ਫੁੱਟ ਚੌੜੀਆਂ ਹੋਣਗੀਆਂ ਤੇ ਠੇਕੇਦਾਰ ਪੰਜ ਸਾਲਾਂ ਲਈ ਸੜਕ ਦੇ ਰੱਖ-ਰਖਾਅ ਲਈ ਵੀ ਜ਼ਿੰਮੇਵਾਰ ਹੋਵੇਗਾ।

Read More : ਭਰਾ ਨੂੰ ਰੱਖੜੀ ਬੰਨ੍ਹਣ ਲਈ ਜਾ ਰਹੀ ਭੈਣ ਦੀ ਹਾਦਸੇ ਵਿਚ ਮੌਤ

Leave a Reply

Your email address will not be published. Required fields are marked *