ਬਰਨਾਲਾ, 16 ਦਸੰਬਰ : ਜ਼ਿਲਾ ਬਰਨਾਲਾ ’ਚ ਅੱਜ ਸਵੇਰੇ ਪਈ ਸੰਘਣੀ ਧੁੰਦ ਨੇ ਇਕ ਹੱਸਦੇ-ਵਸਦੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਮਾਤਮ ’ਚ ਬਦਲ ਦਿੱਤਾ। ਬਰਨਾਲਾ-ਮੋਗਾ ਹਾਈਵੇਅ ’ਤੇ ਸਥਿਤ ਮੱਲੀਆਂ ਟੋਲ ਪਲਾਜ਼ਾ ਨੇੜੇ ਵਾਪਰੇ ਸੜਕ ਹਾਦਸੇ ’ਚ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕਾ ’ਚ ਇਕ ਫੌਜੀ ਜਵਾਨ ਵੀ ਸ਼ਾਮਲ ਹੈ, ਜੋ ਆਪਣੀ ਭੈਣ ਦੇ ਵਿਆਹ ਦੇ ਸ਼ਗਨਾਂ ’ਚ ਸ਼ਾਮਲ ਹੋਣ ਲਈ ਛੁੱਟੀ ਆਇਆ ਹੋਇਆ ਸੀ।
ਜਾਣਕਾਰੀ ਅਨੁਸਾਰ ਤਰਨਤਾਰਨ ਦਾ ਰਹਿਣ ਵਾਲਾ ਇਹ ਪਰਿਵਾਰ ਦੋ ਗੱਡੀਆਂ ’ਚ ਸਵਾਰ ਹੋ ਕੇ ਆਪਣੀ ਲੜਕੀ ਦਾ ਸ਼ਗਨ ਲੈ ਕੇ ਸਿਰਸਾ (ਹਰਿਆਣਾ) ਜਾ ਰਿਹਾ ਸੀ। ਰਸਤੇ ’ਚ ਮੱਲੀਆਂ ਟੋਲ ਪਲਾਜ਼ਾ ਕੋਲ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ (ਦ੍ਰਿਸ਼ਟੀ) ਬਹੁਤ ਘੱਟ ਸੀ, ਜਿਸ ਕਾਰਨ ਗੱਡੀਆਂ ਟੋਲ ਪਲਾਜ਼ਾ ਦੇ ਡਿਵਾਈਡਰ ਨਾਲ ਟਕਰਾ ਗਈਆਂ। ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ’ਤੇ ਹੀ ਸੁਨੀਲ ਮਸੀਹ (31), ਅਰਸ਼ਦੀਪ ਮਸੀਹ (21) ਅਤੇ ਅਨੂ (18) ਦੀ ਮੌਤ ਹੋ ਗਈ।
ਮੌਕੇ ’ਤੇ ਪਹੁੰਚੇ ਪੁਲਸ ਚੌਕੀ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਹਾਦਸੇ ਦਾ ਮੁੱਖ ਕਾਰਨ ਸੰਘਣੀ ਧੁੰਦ ਪਾਇਆ ਗਿਆ ਹੈ। ਟੱਕਰ ਤੋਂ ਬਾਅਦ ਪਿੱਛੋਂ ਆ ਰਹੀ ਇਕ ਸਿਕਾਰਪਿਓ ਗੱਡੀ ਨੇ ਵੀ ਨੁਕਸਾਨੀ ਗੱਡੀ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਨਾਲ ਜ਼ਖਮੀਆਂ ਦੀ ਗਿਣਤੀ ਵਧ ਗਈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
ਫੌਜੀ ਭਰਾ ਦੀ ਮੌਤ, ਵਿਆਹ ਵਾਲੀ ਕੁੜੀ ਵੀ ਜ਼ਖਮੀ
ਇਸ ਹਾਦਸੇ ਦੀ ਸਭ ਤੋਂ ਦੁਖਦਾਈ ਗੱਲ ਇਹ ਰਹੀ ਕਿ ਮ੍ਰਿਤਕ ਸੁਨੀਲ ਮਸੀਹ ਬੀ. ਐੱਸ. ਐੱਫ. ਦਾ ਜਵਾਨ ਸੀ। ਉਹ ਆਪਣੀ ਭੈਣ ਦੇ ਵਿਆਹ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਖਾਸ ਤੌਰ ’ਤੇ ਛੁੱਟੀ ਲੈ ਕੇ ਘਰ ਆਇਆ ਸੀ। ਜਿਸ ਭਰਾ ਨੇ ਭੈਣ ਨੂੰ ਡੋਲੀ ਚੜ੍ਹਾਉਣਾ ਸੀ, ਉਸ ਦੀ ਆਪਣੀ ਹੀ ਅਰਥੀ ਉੱਠ ਜਾਵੇਗੀ। ਇਸ ਹਾਦਸੇ ’ਚ ਵਿਆਹ ਵਾਲੀ ਲੜਕੀ ਦੀ ਵੀ ਲੱਤ ਟੁੱਟ ਗਈ ਹੈ।
ਟੋਲ ਪਲਾਜ਼ਾ ਦੀ ਲਾਪ੍ਰਵਾਹੀ ਦੇ ਇਲਜ਼ਾਮ
ਮ੍ਰਿਤਕਾਂ ਦੇ ਰਿਸ਼ਤੇਦਾਰ ਦਲਜੀਤ ਸਿੰਘ ਅਤੇ ਪਿਤਾ ਇਮਾਨਾਤ ਮਸੀਹ ਨੇ ਟੋਲ ਪਲਾਜ਼ਾ ਪ੍ਰਬੰਧਕਾਂ ’ਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਧੁੰਦ ਦੇ ਮੌਸਮ ਦੇ ਬਾਵਜੂਦ ਟੋਲ ਪਲਾਜ਼ਾ ਦੇ ਆਲੇ-ਦੁਆਲੇ ਕੋਈ ਢੁੱਕਵੇਂ ਸਾਈਨ ਬੋਰਡ ਜਾਂ ਰਿਫਲੈਕਟਰ ਨਹੀਂ ਲਾਏ ਗਏ ਸਨ, ਜਿਸ ਕਾਰਨ ਡਰਾਈਵਰ ਨੂੰ ਡਿਵਾਈਡਰ ਦਾ ਪਤਾ ਨਹੀਂ ਲੱਗ ਸਕਿਆ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ।
Read More : ਦੁਕਾਨ ’ਚ ਲੱਗੀ ਅੱਗ, ਸੁੱਤਾ ਪਿਆ ਵਿਅਕਤੀ ਜ਼ਿੰਦਾ ਸੜਿਆ
