Sarah Moin

ਹੌਸਲਿਆਂ ਦੀ ਉਡਾਣ: ਦੇਖਣ-ਸੁਣਨ ਤੋਂ ਅਸਮਰਥ ਸਾਰਾ ਮੋਇਨ ਨੇ 12ਵੀਂ ‘ਚੋਂ ਲਏ 98.75% ਅੰਕ

ਦੁਲਭ ਬਿਮਾਰੀ ਨੂੰ ਮਾਤ ਦੇ ਕੇ ਬਣੀ ਮਿਸਾਲ; ਹੁਣ ਆਈ.ਏ.ਐੱਸ. ਬਣ ਕੇ ਕਰਨਾ ਚਾਹੁੰਦੀ ਹੈ ਦੇਸ਼ ਦੀ ਸੇਵਾ

ਲਖਨਊ, 2 ਮਈ : ਉੱਤਰ ਪ੍ਰਦੇਸ਼ ਦੇ ਸ਼ਹਿਰ ਲਖਨਊ ਵਿਚ ਮਨੁੱਖੀ ਇਰਾਦੇ ਦੀ ਮਿਸਾਲ ਬਣੀ ਸਾਰਾ ਮੋਇਨ ਨੇ ਆਈ.ਐੱਸ.ਸੀ. ਜਮਾਤ 12ਵੀਂ ਦੇ ਇਮਤਿਹਾਨ ਵਿਚ 98.75 ਫੀ ਸਦੀ ਅੰਕ ਹਾਸਲ ਕਰ ਕੇ ਸੱਭ ਨੂੰ ਹੈਰਾਨ ਕਰ ਦਿਤਾ ਹੈ। 19 ਸਾਲ ਦੀ ਸਾਰਾ, ਜੋ ਵੇਖਣ ਅਤੇ ਸੁਣਨ ਦੀ ਅਸਮਰਥਾ ਨਾਲ ਜੂਝ ਰਹੀ ਹੈ ਅਤੇ ਸਾਰਕੋਇਡੋਸਿਸ ਵਰਗੀ ਦੁਲਭ ਬਿਮਾਰੀ ਨਾਲ ਪੀੜਤ ਹੈ, ਅਪਣੇ ਸਕੂਲ ’ਚ ਸਿਖਰਲੇ ਪ੍ਰਦਰਸ਼ਨ ਕਰਨ ਵਾਲਿਆਂ ਵਿਚ ਸ਼ਾਮਲ ਹੋਈ।

ਉਸ ਨੇ ਭੂਗੋਲ ਅਤੇ ਮਾਸ ਮੀਡੀਆ ਐਂਡ ਕਮਿਊਨੀਕੇਸ਼ਨ ’ਚ 100 ਅੰਕ, ਅੰਗਰੇਜ਼ੀ ਵਿਚ 98, ਇਤਿਹਾਸ ਵਿਚ 97 ਅਤੇ ਮਨੋਵਿਗਿਆਨ ਵਿਚ 96 ਅੰਕ ਪ੍ਰਾਪਤ ਕੀਤੇ। ਸਾਰਾ ਦੀ ਸਫ਼ਲਤਾ ’ਤੇ ਉਸ ਦੇ ਪਿਤਾ ਮੋਇਨ ਅਹਿਮਦ ਇਦਰੀਸੀ ਨੇ ਕਿਹਾ, ‘‘ਉਹ ਆਈ.ਏ.ਐੱਸ. ਅਧਿਕਾਰੀ ਬਣਨਾ ਚਾਹੁੰਦੀ ਹੈ ਅਤੇ ਵਿਸ਼ੇਸ਼ ਤੌਰ ’ਤੇ ਅਪਾਹਜ ਬੱਚਿਆਂ ਲਈ ਕੰਮ ਕਰਨਾ ਚਾਹੁੰਦੀ ਹੈ।’’

ਸਾਰਾ ਨੇ ਕਰਾਇਸਟ ਚਰਚ ਕਾਲਜ ਵਿਚ ਪਿ੍ਰੰਸੀਪਲ ਰਾਕੇਸ਼ ਚੱਟਰੀ ਅਤੇ ਵਿਸ਼ੇਸ਼ ਅਧਿਆਪਕ ਸਲਮਾਨ ਅਲੀ ਕਾਜ਼ੀ ਦੀ ਰਹਿਨੁਮਾਈ ਹੇਠ ਪੜ੍ਹਾਈ ਕੀਤੀ। ਉਸ ਨੇ ਬ੍ਰੇਲ ਡਿਸਪਲੇ ਅਤੇ ਆਰਬਿਟ ਰੀਡਰ ਵਰਗੀਆਂ ਸਹਾਇਕ ਤਕਨੀਕਾਂ ਦੀ ਵਰਤੋਂ ਕੀਤੀ, ਜਿਨ੍ਹਾਂ ਨਾਲ ਉਹ ਡਿਜੀਟਲ ਸਮੱਗਰੀ ਨੂੰ ਛੂਹਣਯੋਗ ਰੂਪ ਵਿਚ ਪੜ੍ਹ ਸਕਦੀ ਹੈ। ਉਸ ਦੇ ਅਧਿਆਪਕ ਅਤੇ ਸਾਥੀ ਉਸ ਦੀ ਹਿੰਮਤ ਦੀ ਤੁਲਨਾ ਅਕਸਰ ਹੇਲਨ ਕੇਲਰ ਨਾਲ ਕਰਦੇ ਹਨ।

ਪਿਤਾ ਨੇ ਅਪੀਲ ਕੀਤੀ ਕਿ ਇਮਤਿਹਾਨ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਉਮੀਦਵਾਰਾਂ ਨੂੰ ਲੈਪਟਾਪ ਅਤੇ ਬਰੇਲ ਡਿਸਪਲੇ ਵਰਗੇ ਸਾਧਨਾਂ ਦੀ ਵਰਤੋਂ ਦੀ ਇਜਾਜ਼ਤ ਦੇਣ। ਸਾਰਾ ਨੇ ਪਹਿਲਾਂ 10ਵੀਂ ਜਮਾਤ ਵਿਚ ਵੀ 94 ਫੀਸਦੀ ਅੰਕ ਹਾਸਲ ਕੀਤੇ ਸਨ ਅਤੇ ਹੁਣ ਉਹ ਅਪਣੇ ਅਗਲੇ ਅਕਾਦਮਿਕ ਸਫ਼ਰ ਲਈ ਤਿਆਰੀ ਕਰ ਰਹੀ ਹੈ।

Read More : ਪਾਕਿ ‘ਚ ਪੈਟਰੋਲ-ਡੀਜ਼ਲ ‘ਚ ਭਾਰੀ ਉਛਾਲ; 400 ਰੁਪਏ ਦੇ ਪੱਧਰ ਨੂੰ ਛੂਹਣ ਲੱਗੀਆਂ ਕੀਮਤਾਂ

Leave a Reply

Your email address will not be published. Required fields are marked *