ਗੈਂਗਸਟਰ ਮੰਨੂੰ ਅਗਵਾਨ ਤੇ ਮਨਿੰਦਰ ਬਿੱਲਾ ਦੇ ਗੁਰਗੇ, ਨਾਜਾਇਜ਼ ਅਸਲੇ ਵਾਲੇ 2 ਭਰਾ ਅਤੇ ਕਤਲ ਕੇਸ ’ਚ ਲੋੜੀਂਦਾ ਮੁਲਜ਼ਮ ਗ੍ਰਿਫਤਾਰ
ਬਟਾਲਾ, 21 ਫਰਵਰੀ : ਬਟਾਲਾ ਪੁਲਸ ਨੇ ਫਿਰੌਤੀ ਦੀ ਮੰਗ ਨੂੰ ਲੈ ਕੇ ਘਰ ’ਤੇ ਗੋਲੀਆਂ ਚਲਾਉਣ ਵਾਲੇ ਗੈਂਗਸਟਰ ਮਨੂੰ ਅਗਵਾਨ ਅਤੇ ਮਨਿੰਦਰ ਸਿੰਘ ਬਿੱਲਾ ਦਕੋਹਾ ਦੇ 2 ਗੁਰਗਿਆਂ, ਸਰਕਾਰੀ ਪਿਸਤੌਲ ਸਮੇਤ 2 ਸਕੇ ਭਰਾਵਾਂ ਅਤੇ ਕਤਲ ਕੇਸ ’ਚ ਲੋੜੀਂਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਪੁਲਸ ਲਾਈਨ ਬਟਾਲਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਡੀ. ਐੱਸ. ਪੀ. ਸ੍ਰੀ ਹਰਗੋਬਿੰਦਪੁਰ ਸਾਹਿਬ ਹਰੀਸ਼ ਬਹਿਲ ਨੇ ਕਿਹਾ ਕਿ ਡੀ. ਜੀ. ਪੀ. ਗੌਰਵ ਯਾਦਵ, ਐੱਸ. ਐੱਸ. ਪੀ. ਬਟਾਲਾ ਡਾ. ਮਹਿਤਾਬ ਸਿੰਘ ਅਤੇ ਐੱਸ. ਪੀ. ਡੀ. ਸੰਦੀਪ ਵਡੇਹਰਾ ਦੇ ਨਿਰਦੇਸ਼ਾਂ ਤਹਿਤ ਪੁਲਸ ਵਲੋਂ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਵਿਰੁੱਧ ‘ਆਪ੍ਰੇਸ਼ਨ ਪ੍ਰਹਾਰ-2’ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਰੁਪਿੰਦਰ ਸਿੰਘ ਉਰਫ ਰੋਮੀ ਵਾਸੀ ਮਾੜੀ ਟਾਂਡਾ ਦੇ ਘਰ ਦੇ ਗੇਟ ’ਤੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਸੰਬੰਧੀ ਪੁਲਸ ਵਲੋਂ ਕੇਸ ਵੀ ਦਰਜ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਪੁਲਸ ਨੇ ਟੈਕਨੀਕਲ ਅਤੇ ਖੂਫੀਆ ਸਰੋਤਾਂ ਰਾਹੀਂ ਰੁਪਿੰਦਰ ਸਿੰਘ ਦੇ ਘਰ ’ਤੇ ਗੋਲੀਆਂ ਚਲਾਉਣ ਵਾਲੇ ਸੰਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਮਧਰਾ ਅਤੇ ਸਹਿਜਦੀਪ ਸਿੰਘ ਉਰਫ ਸਹਿਜ ਵਾਸੀ ਭੱਟੀਵਾਲ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਰੁਪਿੰਦਰ ਸਿੰਘ ਉਰਫ ਰੋਮੀ ਤੋਂ ਮਨੂੰ ਅਗਵਾਨ ਅਤੇ ਮਨਿੰਦਰ ਸਿੰਘ ਬਿੱਲਾ ਦਕੋਹਾ ਵਲੋਂ ਵਿਦੇਸ਼ੀ ਨੰਬਰਾਂ ਰਾਹੀਂ ਕਾਲ ਕਰਕੇ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ ਅਤੇ ਉਨ੍ਹਾਂ ਦੇ ਕਹਿਣ ’ਤੇ ਹੀ ਸੰਦੀਪ ਸਿੰਘ ਅਤੇ ਸਹਿਜਦੀਪ ਸਿੰਘ ਨੇ ਰੁਪਿੰਦਰ ਸਿੰਘ ਰੋਮੀ ਦੇ ਘਰ ਦੇ ਗੇਟ ’ਤੇ ਗੋਲੀਆਂ ਚਲਾਈਆਂ ਸਨ। ਪੁਲਸ ਵਲੋਂ ਇਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਮਾਮਲੇ ਦੀ ਅਗਲੀ ਸਮੀਖਿਆ ਜਾਰੀ ਹੈ।
ਡੀ. ਐੱਸ. ਪੀ ਹਰੀਸ਼ ਬਹਿਲ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਪੁਲਸ ਨੇ ਨਵਜੋਤ ਸਿੰਘ ਅਤੇ ਪ੍ਰਦੀਪ ਸਿੰਘ ਪੁੱਤਰਾਨ ਜਸਪਾਲ ਸਿੰਘ ਵਾਸੀਆਨ ਪਿੰਡ ਮਧਰੇ ਨੂੰ ਇਕ ਸਰਕਾਰੀ ਪਿਸਟਲ 9 ਐੱਮ.ਐੱਮ ਅਤੇ ਇਕ ਪਿਸਟਲ 30 ਬੋਰ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪੁਲਸ ਨੇ ਕਤਲ ਕੇਸ ’ਚ ਲੋੜੀਂਦੇ ਮੁਲਜ਼ਮ ਯਾਦਵਿੰਦਰ ਸਿੰਘ ਵਾਸੀ ਔਲਖ ਕਲਾਂ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਮੌਕੇ ਸੀ.ਆਈ.ਏ ਸਟਾਫ ਇੰਚਾਰਜ ਸੁਖਰਾਜ ਸਿੰਘ, ਐੱਸ.ਐੱਚ.ਓ ਹਰਜਿੰਦਰ ਸਿੰਘ, ਐੱਸ.ਐੱਚ.ਓ ਗਗਨਦੀਪ ਸਿੰਘ ਅਤੇ ਏ.ਐੱਸ.ਆਈ ਸਰਵਨ ਸਿੰਘ ਆਦਿ ਹਾਜ਼ਰ ਸਨ।
Read More : ਅੰਮ੍ਰਿਤਸਰ ’ਚ ਨਿਗਮ ਕਰਮਚਾਰੀ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
