ਕਾਤਲ ਤਾਏ ਨੂੰ ਡੈਡੀ ਕਹਿ ਕੇ ਬੁਲਾਉਂਦਾ ਸੀ ਨਵਦੀਪ
ਨਿਹਾਲ ਸਿੰਘ ਵਾਲਾ, 6 ਦਸੰਬਰ : ਜ਼ਿਲਾ ਮੋਗਾ ਵਿਚ ਉਸ ਸਮੇਂ ਖੂਨ ਚਿੱਟਾ ਹੋ ਗਿਆ, ਜਦੋਂ ਜ਼ਮੀਨ ਨੂੰ ਲੈ ਕੇ ਤਾਏ ਨੇ ਪਹਿਲਾਂ ਆਪਣੇ ਪੁੱਤਾਂ ਵਰਗੇ ਸਕੇ ਭਤੀਜੇ ਦਾ ਮੱਥੇ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ, ਫਿਰ ਲਾਸ਼ ਉੱਪਰੋਂ ਬੇਰਹਿਮੀ ਨਾਲ ਆਪਣੀ ਗੱਡੀ ਵੀ ਲੰਘਾ ਦਿੱਤੀ।
ਜਾਣਕਾਰੀ ਅਨੁਸਾਰ ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਛੀਕੇ ਵਿਖੇ ਅਮਰੀਕਾ ਸਿਟੀਜ਼ਨ ਪ੍ਰਵਾਸੀ ਭਾਰਤੀ ਬਹਾਦਰ ਸਿੰਘ ਸੇਖੋਂ ਦਾ ਆਪਣੇ ਭਤੀਜੇ ਨਵਦੀਪ ਸਿੰਘ ਉਰਫ ਦੀਪ ਨਾਲ ਜ਼ਮੀਨ ਸਬੰਧੀ ਵਿਵਾਦ ਚੱਲ ਰਿਹਾ ਸੀ।
ਅੱਜ ਉਸ ਦੀ ਆਪਣੇ ਭਤੀਜੇ ਨਾਲ ਖੇਤ ਵਿਚ ਹੀ ਤੂੰ-ਤੂੰ, ਮੈਂ-ਮੈਂ ਹੋ ਗਈ ਅਤੇ ਉਸ ਨੇ ਮੌਕੇ ’ਤੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਭਤੀਜੇ ਨਵਦੀਪ ਸਿੰਘ ’ਤੇ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਨਵਦੀਪ ਸਿੰਘ ਦੇ ਮੱਥੇ ਵਿਚ ਗੋਲੀਆਂ ਲੱਗਣ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਲੋਕਾਂ ਨੇ ਦੱਸਿਆ ਕਿ ਕਥਿਤ ਮੁਲਜ਼ਮ ਵੱਲੋਂ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮ੍ਰਿਤਕ ਦੇ ਉੱਪਰ ਦੀ ਬੇਰਹਿਮੀ ਨਾਲ ਆਪਣੀ ਗੱਡੀ ਵੀ ਲੰਘਾ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਬਹਾਦਰ ਸਿੰਘ ਸੇਖੋਂ ਆਪਣੇ ਘਰੋਂ ਆਪਣਾ ਪਾਸਪੋਰਟ ਚੁੱਕ ਕੇ ਫਰਾਰ ਹੋਣ ਦੀ ਤਾਕ ਵਿਚ ਸੀ ਪਰ ਲੋਕਾਂ ਨੇ ਉਸ ਨੂੰ ਘੇਰਾ ਪਾ ਲਿਆ ਅਤੇ ਬਾਅਦ ਵਿਚ ਆਈ ਪੁਲਸ ਪਾਰਟੀ ਨੇ ਉਸ ਨੂੰ ਮੌਕੇ ’ਤੇ ਕਾਬੂ ਕਰ ਲਿਆ। ਜ਼ਿਕਰਯੋਗ ਹੈ ਕਿ ਮ੍ਰਿਤਕ ਨਵਦੀਪ ਅਾਪਣੇ ਤਾਏ ਨੂੰ ਡੈਡੀ ਕਹਿ ਕੇ ਬੁਲਾਉਂਦਾ ਹੁੰਦਾ ਸੀ।
Read More : ਮਾਂ-ਪਿਓ ਨੇ ਇੱਟਾਂ ਮਾਰ ਕੇ ਪੁੱਤ ਨੂੰ ਮਾਰਿਆ
