rana-sahota

ਨਵਾਂਸ਼ਹਿਰ ’ਚ ਪੰਜਾਬੀ ਗਾਇਕ ਰਾਣਾ ਸਹੋਤਾ ਦੀ ਕਾਰ ’ਤੇ ਫਾਇਰਿੰਗ

ਅਣਪਛਾਤੇ ਹਮਲਾਵਰਾਂ ਨੇ ਪਿੱਛਾ ਕਰਕੇ ਚਲਾਈਆਂ ਗੋਲੀਆਂ; ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ

ਨਵਾਂਸ਼ਹਿਰ, 11 ਮਾਰਚ : ਮਸ਼ਹੂਰ ਪੰਜਾਬੀ ਗਾਇਕ ਰਾਣਾ ਸਹੋਤਾ ਨੇ ਕਾਠਗੜ੍ਹ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਅਣਪਛਾਤੇ ਹਮਲਾਵਰਾਂ ਵੱਲੋਂ ਉਨ੍ਹਾਂ ’ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਲਾਏ ਹਨ। ਗਾਇਕ ਰਾਣਾ ਅਨੁਸਾਰ ਇਕ ਸ਼ੱਕੀ ਕਾਲੀ ਕਾਰ ਨੇ ਉਨ੍ਹਾਂ ਦੀ ਗੱਡੀ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਖ਼ਤਰਾ ਮਹਿਸੂਸ ਕਰਦਿਆਂ ਨਹੀਂ ਰੁਕੇ, ਤਾਂ ਹਮਲਾਵਰਾਂ ਨੇ ਹਵਾ ’ਚ ਗੋਲੀਆਂ ਚਲਾਈਆਂ।

ਗਾਇਕ ਨੇ ਦੱਸਿਆ ਕਿ ਹਮਲਾਵਰਾਂ ਤੋਂ ਬਚਣ ਲਈ ਉਹ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਕੇ ਬੰਗਾ ਸਿਟੀ ਪੁਲਸ ਸਟੇਸ਼ਨ ਪਹੁੰਚੇ। ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਇਹ ਘਟਨਾ 7 ਮਾਰਚ ਦੀ ਹੈ, ਜਦੋਂ ਉਹ ਸਵੇਰੇ ਮੋਹਾਲੀ ਤੋਂ ਆਪਣੇ ਪਿੰਡ ਗੋਰਾਇਆ ਵਾਪਸ ਆ ਰਹੇ ਸਨ। ਕਾਠਗੜ੍ਹ ਦੇ ਬਛੂਆ ਟੋਲ ਪਲਾਜ਼ਾ ਤੋਂ ਕੁਝ ਦੂਰੀ ’ਤੇ ਕਾਰ ਸਵਾਰਾਂ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਅਤੇ ਹਥਿਆਰ ਦਿਖਾ ਕੇ ਹਵਾ ’ਚ ਕਈ ਫਾਇਰ ਕੀਤੇ।

ਦੂਜੇ ਪਾਸੇ, ਕਾਠਗੜ੍ਹ ਦੇ ਐੱਸ.ਐੱਚ.ਓ. ਅਭਿਸ਼ੇਕ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਸ ਦਿਨ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਵਾਹਨਾਂ ਦੀ ਸੀ.ਸੀ.ਟੀ.ਵੀ. ਫੁਟੇਜ ਚੈੱਕ ਕੀਤੀ ਗਈ ਹੈ, ਪਰ ਅਜੇ ਤੱਕ ਕੋਈ ਸ਼ੱਕੀ ਵਾਹਨ ਤੇਜ਼ੀ ਨਾਲ ਦੌੜਦਾ ਨਹੀਂ ਦੇਖਿਆ ਗਿਆ।

ਪੁਲਸ ਅਧਿਕਾਰੀਆਂ ਅਨੁਸਾਰ ਗਾਇਕ ਨੇ ਜਲੰਧਰ ’ਚ ਰਿਵਾਲਵਰ ਲਾਇਸੈਂਸ ਲਈ ਵੀ ਅਰਜ਼ੀ ਦਿੱਤੀ ਹੋਈ ਹੈ, ਇਸ ਪਹਿਲੂ ਨੂੰ ਵੀ ਧਿਆਨ ’ਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ।

Read More : 127 ਕਰੋੜ ਦੀ ਲਾਗਤ ਨਾਲ 43,000 ਕਿਲੋਮੀਟਰ ਸੜਕਾਂ ਦਾ ਜਾਲ ਵਿਛਾਇਆ ਜਾ ਰਿਹੈ : ਮਾਨ

Leave a Reply

Your email address will not be published. Required fields are marked *