ਪੁਣੇ ਤੋਂ 4 ਮੁਲਜ਼ਮ ਹਿਰਾਸਤ ’ਚ; ਗੈਂਗ ਨੇ ਪੂਰੇ ਬਾਲੀਵੁੱਡ ਨੂੰ ਦਿੱਤੀ ਸਿੱਧੀ ਚੇਤਾਵਨੀ
ਮੁੰਬਈ, 1 ਫਰਵਰੀ– ਮੁੰਬਈ ਦੇ ਜੁਹੂ ਇਲਾਕੇ ’ਚ ਮਸ਼ਹੂਰ ਫਿਲਮ ਨਿਰਮਾਤਾ ਰੋਹਿਤ ਸ਼ੈੱਟੀ ਦੀ ਬਹੁਮੰਜ਼ਿਲਾ ਰਿਹਾਇਸ਼ (ਸ਼ੈੱਟੀ ਟਾਵਰ) ’ਤੇ ਸ਼ਨੀਵਾਰ ਦੇਰ ਰਾਤ ਹੋਈ ਗੋਲੀਬਾਰੀ ਦੇ ਸਬੰਧ ’ਚ ਪੁਲਸ ਨੇ 4 ਲੋਕਾਂ ਨੂੰ ਹਿਰਾਸਤ ’ਚ ਲਿਆ ਹੈ। ਅਧਿਕਾਰੀਆਂ ਅਨੁਸਾਰ ਇਸ ਘਟਨਾ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਿਲਹਾਲ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਗੋਲੀਬਾਰੀ ਵੇਲੇ ਰੋਹਿਤ ਸ਼ੈੱਟੀ ਘਰ ’ਚ ਮੌਜੂਦ ਸਨ ਜਾਂ ਨਹੀਂ।
ਘਟਨਾ ਦਾ ਵੇਰਵਾ : ਸਮਾਂ: ਰਾਤ ਕਰੀਬ ਪੌਣੇ ਇਕ ਵਜੇ।
ਹਮਲਾ: ਹਮਲਾਵਰਾਂ ਨੇ ਨੌਂ ਮੰਜ਼ਿਲਾ ਇਮਾਰਤ ਦੀ ਪਹਿਲੀ ਮੰਜ਼ਿਲ ’ਤੇ ਘੱਟੋ-ਘੱਟ ਪੰਜ ਗੋਲੀਆਂ ਚਲਾਈਆਂ।
ਨੁਕਸਾਨ: ਇਕ ਗੋਲੀ ਇਮਾਰਤ ’ਚ ਸਥਿਤ ਜਿੰਮ ਦੇ ਸ਼ੀਸ਼ੇ ’ਤੇ ਲੱਗੀ।
ਕਾਰਵਾਈ: ਪੁਲਸ ਦੀ ਕ੍ਰਾਈਮ ਬ੍ਰਾਂਚ ਅਤੇ ਸਥਾਨਕ ਟੀਮਾਂ ਜਾਂਚ ਕਰ ਰਹੀਆਂ ਹਨ। ਪੁਣੇ ਦੇ ਕਾਰਵੇਨਗਰ ਅਤੇ ਧਾਯਰੀ ਇਲਾਕਿਆਂ ’ਚੋਂ 4 ਸ਼ੱਕੀ ਹਿਰਾਸਤ ’ਚ ਲਏ ਗਏ ਹਨ।
‘ਅਗਲੀ ਵਾਰ ਬੈੱਡਰੂਮ ’ਚ ਛਾਤੀ ’ਤੇ ਗੋਲੀ ਚੱਲੇਗੀ…’
ਇਸ ਫਾਇਰਿੰਗ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਗੁਰਗਿਆਂ ਨੇ ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਲਈ ਹੈ। ਪੋਸਟ ’ਚ ਰੋਹਿਤ ਸ਼ੈੱਟੀ ਸਮੇਤ ਪੂਰੇ ਬਾਲੀਵੁੱਡ ਨੂੰ ਧਮਕੀ ਦਿੱਤੀ ਗਈ ਹੈ।
ਸੋਸ਼ਲ ਮੀਡੀਆ ਪੋਸਟ ਦਾ ਅੰਸ਼: “ਰਾਮ ਰਾਮ ਜੈ ਬਜਰੰਗ ਬਲੀ ਸਾਰੇ ਭਰਾਵਾਂ ਨੂੰ… ਅੱਜ ਜੋ ਰੋਹਿਤ ਸ਼ੈੱਟੀ ਦੇ ਘਰ ’ਤੇ ਫਾਇਰਿੰਗ ਹੋਈ ਹੈ, ਉਸ ਦੀ ਜ਼ਿੰਮੇਵਾਰੀ ਸ਼ੁਭਮ ਲੋਨਕਰ, ਆਰਜ਼ੂ ਬਿਸ਼ਨੋਈ, ਹਰੀ ਬਾਕਸਰ ਅਤੇ ਹਰਮਨ ਸੰਧੂ ਲੈਂਦੇ ਹਨ। ਜੇਕਰ ਸਾਡੀ ਗੱਲ ਸਮਝ ਨਹੀਂ ਆਈ ਤਾਂ ਹੁਣ ਘਰ ਦੇ ਬਾਹਰ ਨਹੀਂ, ਬੈੱਡਰੂਮ ’ਚ ਛਾਤੀ ’ਤੇ ਗੋਲੀ ਚੱਲੇਗੀ। ਇਹ ਪੂਰੇ ਬਾਲੀਵੁੱਡ ਨੂੰ ਚੇਤਾਵਨੀ ਹੈ।”
ਰੋਹਿਤ ਸ਼ੈੱਟੀ ਨੇ ਸਾਰੇ ਪ੍ਰੋਗਰਾਮ ਰੱਦ ਕੀਤੇ
ਹਮਲੇ ਤੋਂ ਬਾਅਦ ਰੋਹਿਤ ਸ਼ੈੱਟੀ ਨੇ ਅਗਲੇ ਦੋ ਦਿਨਾਂ ਲਈ ਆਪਣੇ ਸਾਰੇ ਨਿੱਜੀ ਅਤੇ ਪੇਸ਼ੇਵਰ ਪਲਾਨ ਰੱਦ ਕਰ ਦਿੱਤੇ ਹਨ। ਉਨ੍ਹਾਂ ਨੇ ਆਪਣੇ ਕਰੀਬੀ ਦੋਸਤਾਂ, ਜਿਨ੍ਹਾਂ ’ਚ ਅਦਾਕਾਰ ਅਜੇ ਦੇਵਗਨ ਵੀ ਸ਼ਾਮਲ ਹਨ, ਨੂੰ ਅਪੀਲ ਕੀਤੀ ਹੈ ਕਿ ਅਗਲੇ 48 ਘੰਟਿਆਂ ਤੱਕ ਉਨ੍ਹਾਂ ਨੂੰ ਮਿਲਣ ਨਾ ਆਉਣ। ਇਮਾਰਤ ਦੇ ਬਾਹਰ ਸੁਰੱਖਿਆ ਘੇਰਾ ਵਧਾ ਦਿੱਤਾ ਗਿਆ ਹੈ।
Read More : ਕਮਰਸ਼ੀਅਲ ਰਸੋਈ ਗੈਸ ਸਿਲੰਡਰ 49 ਰੁਪਏ ਮਹਿੰਗਾ
