ਢਾਕਾ, 15 ਅਕਤੂਬਰ : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮੀਰਪੁਰ ਇਲਾਕੇ ਵਿਚ ਬੀਤੀ ਦਿਨ ਭਿਆਨਕ ਅੱਗ ਲੱਗ ਗਈ। ਸੱਤ ਮੰਜ਼ਿਲਾ ਟੈਕਸਟਾਈਲ ਫੈਕਟਰੀ ਦੀ ਤੀਜੀ ਮੰਜ਼ਿਲ ਤੋਂ ਸ਼ੁਰੂ ਹੋਈ ਅੱਗ ਨੇ ਕੁਝ ਮਿੰਟਾਂ ਵਿਚ ਹੀ ਨਾਲ ਲੱਗਦੇ ਰਸਾਇਣਿਕ ਗੋਦਾਮ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਘੱਟੋ-ਘੱਟ 16 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਦੋਂ ਕਿ ਕਈ ਹੋਰ ਜ਼ਖਮੀ ਜਾਂ ਲਾਪਤਾ ਹਨ। ਬਚਾਅ ਅਤੇ ਰਾਹਤ ਕਾਰਜ ਦੇਰ ਰਾਤ ਤੱਕ ਜਾਰੀ ਰਹੇ।
ਫਾਇਰ ਸਰਵਿਸ ਦੇ ਡਾਇਰੈਕਟਰ ਤਾਜੁਲ ਇਸਲਾਮ ਚੌਧਰੀ ਨੇ ਕਿਹਾ ਕਿ ਦੂਜੀ ਅਤੇ ਤੀਜੀ ਮੰਜ਼ਿਲ ਤੋਂ ਹੁਣ ਤੱਕ 16 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ।
ਫੈਕਟਰੀ ਦੇ ਨਾਲ ਵਾਲੇ ਗੋਦਾਮ ਵਿਚ ਬਲੀਚਿੰਗ ਪਾਊਡਰ, ਹਾਈਡ੍ਰੋਜਨ ਪਰਆਕਸਾਈਡ ਅਤੇ ਪਲਾਸਟਿਕ ਵਰਗੇ ਰਸਾਇਣ ਸਟੋਰ ਕੀਤੇ ਗਏ ਸਨ, ਜਿਸ ਨੇ ਅੱਗ ਦੇ ਤੇਜ਼ੀ ਨਾਲ ਫੈਲਣ ਵਿਚ ਯੋਗਦਾਨ ਪਾਇਆ। ਤਿੰਨ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਲਗਭਗ 12 ਫਾਇਰ ਬ੍ਰਿਗੇਡ ਯੂਨਿਟਾਂ ਨੇ ਫੈਕਟਰੀ ਦੀ ਅੱਗ ‘ਤੇ ਕਾਬੂ ਪਾਇਆ ਪਰ ਰਸਾਇਣਿਕ ਗੋਦਾਮ ਲੰਬੇ ਸਮੇਂ ਤੱਕ ਧੁਖਦਾ ਰਿਹਾ। ਬਚਾਅ ਕਾਰਜਾਂ ਵਿਚ ਬੰਗਲਾਦੇਸ਼ ਫੌਜ, ਪੁਲਿਸ ਅਤੇ ਬਾਰਡਰ ਗਾਰਡ ਦੇ ਕਰਮਚਾਰੀ ਵੀ ਸ਼ਾਮਲ ਹੋਏ। ਮੌਕੇ ‘ਤੇ ਹਫੜਾ-ਦਫੜੀ ਅਤੇ ਦਹਿਸ਼ਤ ਦਾ ਮਾਹੌਲ ਸੀ।
ਫਾਇਰ ਅਫਸਰ ਤਲਹਾ ਬਿਨ ਜਾਸਿਮ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਫੈਕਟਰੀ ਅਤੇ ਗੋਦਾਮ ਕੋਲ ਸੰਚਾਲਨ ਲਾਇਸੈਂਸ ਸਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਣਕਾਰੀ ਅਨੁਸਾਰ, ਗੋਦਾਮ ਗੈਰ-ਕਾਨੂੰਨੀ ਢੰਗ ਨਾਲ ਚਲਾਇਆ ਜਾ ਰਿਹਾ ਸੀ। ਜਾਂਚ ਤੋਂ ਬਾਅਦ ਸੱਚਾਈ ਸਾਹਮਣੇ ਆਵੇਗੀ।
ਪੁਲਿਸ ਅਤੇ ਫੌਜ ਨੇ ਫੈਕਟਰੀ ਮਾਲਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁੱਖੀ ਮੁਹੰਮਦ ਯੂਨਿਸ ਨੇ ਇਸ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਅਧਿਕਾਰੀਆਂ ਨੂੰ ਹਰ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਅਤੇ ਜਾਂਚ ਕਰਨ ਦੇ ਆਦੇਸ਼ ਦਿੱਤੇ।
Read More : 6 ਪਿਸਤੌਲਾਂ ਸਮੇਤ ਇਕ ਸਮੱਗਲਰ ਗ੍ਰਿਫ਼ਤਾਰ