ਪੁੱਤਰ ਅਕੀਲ ਅਖ਼ਤਰ ਦੀ ਸ਼ੱਕੀ ਹਲਾਤ ’ਚ ਮੌਤ ’ਤੇ ਹੋਈ ਕਾਰਵਾਈ
ਪੰਚਕੂਲਾ, 21 ਅਕਤੂਬਰ : ਪੰਜਾਬ ਦੇ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫ਼ਾ, ਉਨ੍ਹਾਂ ਦੀ ਪਤਨੀ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਤੇ ਨੂੰਹ ਖ਼ਿਲਾਫ਼ ਪੰਚਕੂਲਾ ਪੁਲਸ ਨੇ ਐੱਮ. ਡੀ. ਸੀ. ਥਾਣੇ ’ਚ ਹੱਤਿਆ ਸਮੇਤ ਹੋਰਨਾਂ ਧਾਰਾਵਾਂ ਤਹਿਤ ਐੱਫ. ਆਈ. ਆਰ. ਦਰਜ ਕੀਤੀ ਹੈ। ਇਹ ਕਾਰਵਾਈ ਸਾਬਕਾ ਡੀ. ਜੀ. ਪੀ. ਦੇ ਪੁੱਤਰ ਅਕੀਲ ਅਖ਼ਤਰ ਦੀ ਸ਼ੱਕੀ ਮੌਤ ਨਾਲ ਜੁੜੇ ਮਾਮਲੇ ’ਚ ਕੀਤੀ ਗਈ ਹੈ।
ਸਮਸ਼ੂਦੀਨ ਚੌਧਰੀ ਨੇ ਪੰਚਕੂਲਾ ਪੁਲਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ, ਜਿਸ ’ਚ ਉਸ ਨੇ ਦੋਸ਼ ਲਾਇਆ ਸੀ ਕਿ ਅਕੀਲ ਅਖ਼ਤਰ ਦੀ ਮੌਤ ਸ਼ੱਕੀ ਹਲਾਤ ’ਚ ਹੋਈ ਹੈ ਤੇ ਇਸ ਪਿੱਛੇ ਪਰਿਵਾਰ ਦੇ ਮੈਂਬਰਾਂ ਦੀ ਭੂਮਿਕਾ ਹੋ ਸਕਦੀ ਹੈ। ਅਕੀਲ ਅਖ਼ਤਰ ਨੇ 27 ਅਗਸਤ ਨੂੰ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਜਾਰੀ ਕੀਤਾ ਸੀ, ਜਿਸ ’ਚ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ’ਤੇ ਗੰਭੀਰ ਦੋਸ਼ ਲਾਏ ਸਨ।
ਵੀਡੀਓ ’ਚ ਉਸ ਨੇ ਇਹ ਵੀ ਕਿਹਾ ਸੀ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ। ਸ਼ਿਕਾਇਤ ’ਚ ਮ੍ਰਿਤਕ ਦੇ ਸੋਸ਼ਲ ਮੀਡੀਆ ਵੀਡੀਓ, ਡਿਜੀਟਲ ਸਬੂਤ, ਕਾਲ ਰਿਕਾਰਡ ਤੇ ਪੋਸਟਮਾਰਟਮ ਰਿਪੋਰਟ ਦੀ ਜਾਂਚ ਦੀ ਮੰਗ ਕੀਤੀ ਗਈ ਸੀ। ਪੁਲਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਐੱਫ.ਆਈ.ਆਰ. ਦਰਜ ਕਰ ਲਈ ਹੈ ਤ ਜਾਂਚ ਸ਼ੁਰੂ ਕਰ ਦਿੱਤੀ ਹੈ।
ਡੀ. ਸੀ. ਪੀ. ਪੰਕਚੂਲਾ ਸ੍ਰਿਸ਼ਟੀ ਗੁਪਤਾ ਅਨੁਸਾਰ ਅਕੀਲ ਅਖ਼ਤਰ ਆਪਣੇ ਘਰ ’ਚ ਮ੍ਰਿਤਕ ਮਿਲਿਆ ਸੀ। ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਤੇ ਉਨ੍ਹਾਂ ਦਾ ਬਿਆਨ ਦਰਜ ਕੀਤਾ ਗਿਆ।
ਮੁੱਢਲੀ ਜਾਂਚ ’ਚ ਕੋਈ ਸ਼ੱਕੀ ਗੱਲ ਸਾਹਮਣੇ ਨਹੀਂ ਆਈ, ਜਿਸ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਬਾਅਦ ’ਚ ਸੋਸ਼ਲ ਮੀਡੀਆ ’ਤੇ ਕੁਝ ਪੋਸਟ ਤੇ ਵੀਡੀਓ ਸਾਹਮਣੇ ਆਏ, ਜਿਨ੍ਹਾਂ ’ਚ ਅਕੀਲ ਅਖ਼ਤਰ ਵੱਲੋਂ ਨਿੱਜੀ ਵਿਵਾਦਾਂ ਦਾ ਜ਼ਿਕਰ ਕਰਦਿਆਂ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਗਿਆ ਹੈ। ਮਾਲੇਰਕੋਟਲਾ ਵਾਸੀ ਸਮਸ਼ੂਦੀਨ ਵੱਲੋਂ ਸ਼ੱਕੀ ਹਾਲਾਤ ’ਚ ਮੌਤ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ।
ਸ਼ਿਕਾਇਤ ਤੇ ਸੋਸ਼ਲ ਮੀਡੀਆ ਪੋਸਟ ਦੀ ਸਮੱਗਰੀ ਨੂੰ ਧਿਆਨ ’ਚ ਰੱਖਦਿਆਂ ਥਾਣਾ ਐੱਮ. ਡੀ. ਸੀ. ’ਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਡੀ.ਸੀ.ਪੀ. ਨੇ ਦੱਸਿਆ ਕਿ ਨਿਰਪੱਖ, ਪਾਰਦਰਸ਼ੀ ਤੇ ਸਬੂਤ ਆਧਾਰਤ ਜਾਂਚ ਲਈ ਏ. ਸੀ. ਪੀ. ਰੈਂਕ ਦੇ ਅਧਿਕਾਰੀ ਦੀ ਨਿਗਰਾਨੀ ’ਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ, ਜੋ ਇਸ ਮਾਮਲੇ ਦੇ ਹਰ ਪਹਿਲੂ ਦੀ ਡੂੰਘਾਈ ਨਾਲ ਜਾਂਚ ਕਰੇਗੀ।
Read More : ਪ੍ਰਧਾਨ ਮੰਤਰੀ ਮੋਦੀ ਨੇ ਆਈਐੱਨਐੱਸ ਵਿਕਰਾਂਤ ’ਤੇ ਜਵਾਨਾਂ ਨਾਲ ਮਨਾਈ ਦੀਵਾਲੀ
