ਸ਼ਰਾਬ ਸਮੱਗਲਿੰਗ ਦੇ ਸ਼ੱਕ ਵਿਚ ਘਰ ਵਿਚ ਛਾਪਾ ਮਾਰਨ ਗਈ ਸੀ ਪੁਲਸ ਪਾਰਟੀ
ਮੋਗਾ, 19 ਅਗਸਤ : ਜ਼ਿਲਾ ਮੋਗਾ ਵਿਚ ਪੈਂਦੇ ਥਾਣਾ ਚੜਿੱਕ ਅਧੀਨ ਪੈਂਦੇ ਪਿੰਡ ਮੱਲ੍ਹੀਆਂ ਵਿਖੇ ਉਸ ਸਮੇਂ ਪਿੰਡ ਵਿਚ ਸਨਸਨੀ ਫੈਲ ਗਈ ਜਦੋਂ ਸ਼ਰਾਬ ਸਮੱਗਲਿੰਗ ਦੇ ਸ਼ੱਕ ਨੂੰ ਲੈ ਕੇ ਇਕ ਘਰ ਵਿਚ ਛਾਪਾ ਮਾਰਨ ਗਈ ਪੁਲਸ ਪਾਰਟੀ ਦੇ ਡਰੋਂ ਜਗਦੀਪ ਸਿੰਘ ਨੇ ਛੱਪੜ ਵਿਚ ਛਾਲ ਮਾਰ ਦਿੱਤੀ, ਜਿਸ ਨੂੰ ਲੋਕਾਂ ਵਲੋਂ ਬੇਹੋਸ਼ੀ ਦੀ ਹਾਲਤ ਵਿਚ ਬਾਹਰ ਕੱਢਿਆ ਗਿਆ ਅਤੇ ਇਸੇ ਦੌਰਾਨ ਪੁਲਸ ਮੁਲਾਜ਼ਮ ਵੀ ਉਥੇ ਆ ਪਹੁੰਚੇ, ਜਿਨ੍ਹਾਂ ਨੇ ਉਕਤ ਨੌਜਵਾਨ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ, ਪਰ ਉਸ ਨੇ ਦਮ ਤੋੜ ਦਿੱਤਾ ਸੀ।
ਭੜਕੇ ਹੋਏ ਲੋਕਾਂ ਨੇ ਗੁੱਸੇ ਵਿਚ ਸਿਵਲ ਹਸਪਤਾਲ ਮੋਗਾ ਦੇ ਬਾਹਰ ਲਾਸ਼ ਰੱਖ ਕੇ ਧਰਨਾ ਲਗਾ ਦਿੱਤਾ ਅਤੇ ਇਨਸਾਫ ਦੀ ਮੰਗ ਕਰਨ ਲੱਗ ਪਏ, ਜਿਸ ’ਤੇ ਡੀ. ਐੱਸ. ਪੀ. ਸਿਟੀ ਗੁਰਪ੍ਰੀਤ ਸਿੰਘ, ਥਾਣਾ ਚੜਿੱਕ ਦੇ ਮੁੱਖ ਅਫਸਰ ਗੁਰਪਾਲ ਸਿੰਘ ਮੌਕੇ ’ਤੇ ਪੁੱਜੇ। ਇਸ ਮੌਕੇ ਮ੍ਰਿਤਕ ਦੀ ਮਾਤਾ ਜਸਵਿੰਦਰ ਕੌਰ ਨੇ ਕਿਹਾ ਕਿ ਉਹ ਘਰਾਂ ਵਿਚ ਕੰਮ ਕਰ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੀ ਹੈ ਉਸਦੀ ਪਤੀ ਦੀ ਮੌਤ ਹੋ ਚੁੱਕੀ ਹੈ। ਉਸਨੇ ਕਿਹਾ ਕਿ ਪੁਲਸ ਉਨ੍ਹਾਂ ਦੇ ਘਰ ਆਈ ਅਤੇ ਕਿਹਾ ਕਿ ਤੁਹਾਡਾ ਪੁੱਤਰ ਸ਼ਰਾਬ ਵੇਚ ਦਾ ਹੈ ਤਾਂ ਮੈਂ ਕਿਹਾ ਨਹੀਂ ਅਤੇ ਪੁਲਸ ਨੇ ਸਾਡੇ ਘਰ ਦੀ ਤਲਾਸ਼ੀ ਲਈ ਪਰ ਕੁਝ ਨਾ ਮਿਲਿਆ।
ਇਸ ਮੌਕੇ ਪਿੰਡ ਦਾ ਕੋਈ ਜ਼ਿੰਮੇਵਾਰ ਵਿਅਕਤੀ ਉਨ੍ਹਾਂ ਨਾਲ ਨਹੀਂ ਸੀ। ਉਸ ਨੇ ਕਿਹਾ ਕਿ ਮੇਰੇ ਬੇਟੇ ਨੇ ਡਰ ਦੇ ਮਾਰੇ ਹੀ ਛੱਪੜ ਵਿਚ ਛਾਲ ਮਾਰੀ ਹੈ, ਜੇਕਰ ਪੁਲਸ ਸਹੀ ਤਰੀਕੇ ਨਾਲ ਕਾਰਵਾਈ ਕਰਦੀ ਤਾਂ ਮੇਰੇ ਪੁੱਤ ਦੀ ਜਾਨ ਬਚ ਸਕਦੀ ਸੀ। ਇਸ ਮੌਕੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਉਕਤ ਨੌਜਵਾਨ ਛੱਪੜ ਵਿਚ ਡਿੱਗਿਆ ਤਾਂ ਬੇਹੋਸ਼ ਹੋ ਗਿਆ, ਜਿਸ ਨੂੰ ਪਿੰਡ ਦੇ ਲੋਕਾਂ ਨੇ ਬੋੜੀ ਜੱਦੋ-ਜਹਿਦ ਨਾਲ ਬਾਹਰ ਕੱਢਿਆ, ਪਰ ਉਸਦੀ ਮੌਤ ਹੋ ਚੁੱਕੀ ਸੀ, ਬਾਅਦ ਵਿਚ ਪੁਲਸ ਨੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ, ਪਰ ਉਸਦੀ ਜਾਨ ਨਹੀਂ ਬਚ ਸਕੀ।
ਜਦੋਂ ਇਸ ਸਬੰਧ ਵਿਚ ਡੀ. ਐੱਸ. ਪੀ. ਗੁਰਪ੍ਰੀਤ ਸਿੰਘ ਅਤੇ ਥਾਣਾ ਮੁਖੀ ਗੁਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਪਰਿਵਾਰ ਵਾਲਿਆਂ ਦੇ ਬਿਆਨਾਂ ’ਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
Read More : ਮਨਿਕਾ ਵਿਸ਼ਵਕਰਮਾ ਦੇ ਸਿਰ ਸਜਿਆ ਮਿਸ ਯੂਨੀਵਰਸ ਇੰਡੀਆ-2025 ਦਾ ਤਾਜ