ਫਤਿਹਗੜ੍ਹ ਸਾਹਿਬ, 19 ਸਤੰਬਰ : ਜ਼ਿਲਾ ਫਤਿਹਗੜ੍ਹ ਸਾਹਿਬ ਵਿਚ ਇਕ ਨੌਜਵਾਨ ਨੇ ਕੈਂਚੀ ਮਾਰ ਕੇ ਆਪਣੇ ਪਿਉ ਦਾ ਕਤਲ ਕਰ ਦਿੱਤਾ। ਰਣਜੀਤ ਕੌਰ ਵਾਸੀ ਪਿੰਡ ਪੱਤੋਂ ਨੇ ਦੱਸਿਆ ਕਿ ਉਨ੍ਹਾਂ ਦੇ 2 ਲੜਕੇ ਹਨ। ਵੱਡਾ ਲੜਕਾ ਵਿਦੇਸ਼ ਵਿਚ ਰਹਿੰਦਾ ਹੈ ਜਦੋਂ ਕਿ ਛੋਟਾ ਲੜਕਾ ਵਰਿੰਦਰਪ੍ਰੀਤ ਸਿੰਘ (24) ਉਨ੍ਹਾਂ ਦੇ ਨਾਲ ਘਰ ਵਿੱਚ ਰਹਿ ਕੇ ਪਸ਼ੂਆਂ ਦੀ ਦੇਖ-ਭਾਲ ਦਾ ਕੰਮ ਕਰਦਾ ਹੈ।
ਬੀਤੇ ਦਿਨੀਂ ਵਰਿੰਦਰਪ੍ਰੀਤ ਸਿੰਘ ਦਾ ਜਨਮ ਦਿਨ ਸੀ, ਜਿਸ ਨੇ ਜਨਮ ਦਿਨ ਮਨਾਉਣ ਲਈ ਪਿਤਾ ਪਰਮਜੀਤ ਸਿੰਘ ਤੋਂ ਪੰਜ ਹਜ਼ਾਰ ਰੁਪਏ ਦੀ ਮੰਗ ਕੀਤੀ, ਜਿਸ ਸਬੰਧੀ ਅਸਮਰੱਥਾ ਜਤਾਉਂਦੇ ਹੋਏ ਪਰਮਜੀਤ ਸਿੰਘ ਨੇ ਉਸ ਨੂੰ ਕਿਹਾ ਕੇ ਉਹ ਇਕ ਹਜ਼ਾਰ ਰੁਪਏ ਲੈ ਲਵੇ, ਜਿਸ ’ਤੇ ਗੁੱਸੇ ਵਿਚ ਆਇਆ ਵਰਿੰਦਰਪ੍ਰੀਤ ਸਿੰਘ ਆਪਣੇ ਪਿਤਾ ਨਾਲ ਹੱਥੋਪਾਈ ਹੋ ਗਿਆ। ਰੌਲਾ ਸੁਣ ਕੇ ਗੁਆਂਢ ’ਚ ਰਹਿੰਦਾ ਪਰਮਜੀਤ ਸਿੰਘ ਦੇ ਚਾਚੇ ਦਾ ਲੜਕਾ ਕਮਲਜੀਤ ਸਿੰਘ ਵੀ ਮੌਕੇ ’ਤੇ ਆ ਗਿਆ।
ਉਨ੍ਹਾਂ ਪਰਮਜੀਤ ਸਿੰਘ ਨੂੰ ਵਰਿੰਦਰਪ੍ਰੀਤ ਸਿੰਘ ਤੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਨਾਲ ਵੀ ਹੱਥੋਪਾਈ ਹੋ ਗਿਆ। ਇਸੇ ਦੌਰਾਨ ਵਰਿੰਦਰਪ੍ਰੀਤ ਨੇ ਕੈਂਚੀ ਚੁੱਕ ਕੇ ਪਿਤਾ ਪਰਮਜੀਤ ਸਿੰਘ ਦੇ ਛਾਤੀ ਅਤੇ ਢਿੱਡ ’ਚ ਵਾਰ ਕਰ ਦਿੱਤੇ ਅਤੇ ਮੌਕੇ ਤੋਂ ਦੌੜ ਗਿਆ।
ਇਸ ਹਮਲੇ ’ਚ ਗੰਭੀਰ ਜ਼ਖਮੀ ਹੋਇਆ ਪਰਮਜੀਤ ਸਿੰਘ ਲਹੂ-ਲੁਹਾਣ ਹੋ ਕੇ ਡਿੱਗ ਪਿਆ। ਉਸ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣਾ ਬਡਾਲੀ ਆਲਾ ਸਿੰਘ ਵਿਖੇ ਵਰਿੰਦਰ ਪ੍ਰੀਤ ਸਿੰਘ ਵਾਸੀ ਪਿੰਡ ਪੱਤੋਂ ਨੂੰ ਨਾਮਜ਼ਦ ਕਰ ਕੇ ਪੁਲਿਸ ਵੱਲੋਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
Read More : ਗੈਂਗਵਾਰ ; ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ