ਮਾਮੂਲੀ ਗੱਲ ਨੂੰ ਲੈ ਕੇ ਆਟੋ ਅਤੇ ਕਾਰ ਚਾਲਕ ਵਿਚਕਾਰ ਹੋਇਆ ਝਗੜਾ
ਬਟਾਲਾ, 28 ਜਨਵਰੀ : ਬਟਾਲਾ-ਕਾਹਨੂੰਵਾਨ ਰੋਡ ’ਤੇ ਸਥਿਤ ਬਸੰਤ ਵਿਹਾਰ ਕਾਲੋਨੀ ’ਚ ਆਟੋ ਅਤੇ ਕਾਰ ਚਾਲਕ ਵਿਚਕਾਰ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਦੌਰਾਨ ਆਪਣੇ ਪੁੱਤ ਨੂੰ ਬਚਾਉਣ ਲਈ ਅੱਗੇ ਹੋਏ ਪਿਤਾ ਦੀ ਸਿਰ ’ਤੇ ਬੇਸਬਾਲ ਵੱਜਣ ਕਾਰਨ ਮੌਤ ਹੋ ਗਈ।
ਇਸ ਸਬੰਧੀ ਗੌਰਖ ਨਾਥ ਪੁੱਤਰ ਰਾਜ ਕੁਮਾਰ ਵਾਸੀ ਬਸੰਤ ਵਿਹਾਰ ਕਾਲੋਨੀ ਕਾਹਨੂੰਵਾਨ ਰੋਡ ਬਟਾਲਾ ਨੇ ਦੱਸਿਆ ਕਿ ਉਹ ਈ ਰਿਕਸ਼ਾ ਚਲਾਉਂਦਾ ਹੈ। ਬੀਤੀ ਦੇਰ ਰਾਤ ਨੂੰ ਆਪਣੇ ਈ ਰਿਕਸ਼ਾ ’ਤੇ ਸਵਾਰ ਹੋ ਕੇ ਪਿਤਾ ਦੀ ਦਵਾਈ ਲੈ ਲਈ ਜਾ ਰਿਹਾ ਸੀ ਕਿ ਉਸਦੇ ਘਰ ਤੋਂ ਥੋੜੀ ਦੂਰ ਇਕ ਕਾਰ ਲੱਗੀ ਹੋਈ ਸੀ, ਜਿਸ ਵਿਚ ਇਕ ਨੌਜਵਾਨ ਅਤੇ ਇਕ ਲੜਕੀ ਬੈਠੇ ਹੋਏ ਸਨ।
ਉਸਨੇ ਦੱਸਿਆ ਕਿ ਜਦ ਉਹ ਕਾਰ ਦੇ ਨਜ਼ਦੀਕ ਤੋਂ ਲੰਘ ਰਿਹਾ ਸੀ ਤਾਂ ਚਾਲਕ ਨੇ ਅਚਾਨਕ ਕਾਰ ਪਿੱਛੇ ਨੂੰ ਕਰ ਦਿੱਤੀ ਅਤੇ ਇਸ ਗੱਲ ਨੂੰ ਲੈ ਕੇ ਉਨ੍ਹਾਂ ਦੋਵਾਂ ’ਚ ਬਹਿਸਬਾਜ਼ੀ ਹੋ ਗਈ।
ਇਸ ਦੌਰਾਨ ਕਾਰ ਚਾਲਕ ਨੌਜਵਾਨ ਵੱਲੋਂ ਉਸ ’ਤੇ ਬੇਸਬਾਲ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਜਦ ਉਸਦੇ ਪਿਤਾ ਰਾਜ ਕੁਮਾਰ ਉਸਨੂੰ ਬਚਾਉਣ ਲਈ ਅੱਗੇ ਆਏ ਤਾਂ ਉਕਤ ਨੌਜਵਾਨ ਨੇ ਉਨ੍ਹਾਂ ਦੇ ਸਿਰ ’ਤੇ ਬੇਸਬਾਲ ਮਾਰ ਦਿੱਤਾ, ਜਿਸਦੇ ਚਲਦਿਆਂ ਉਹ ਬੇਹੋਸ਼ ਹੋ ਗਏ ਅਤੇ ਜ਼ਮੀਨ ’ਤੇ ਡਿੱਗ ਗਏ, ਜਦਕਿ ਕਾਰ ਚਾਲਕ ਨੌਜਵਾਨ ਅਤੇ ਲੜਕੀ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਏ।
ਗੌਰਖ ਨਾਥ ਨੇ ਦੱਸਿਆ ਕਿ ਉਸਨੇ ਆਪਣੇ ਪਿਤਾ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ’ਚ ਲਿਆਂਦਾ, ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਡੀ. ਐੱਸ. ਪੀ. ਸਿਟੀ ਸੰਜੀਵ ਕੁਮਾਰ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ।
ਇਸ ਸਬੰਧੀ ਡੀ. ਐੱਸ. ਪੀ. ਸਿਟੀ ਸੰਜੀਵ ਕੁਮਾਰ ਨੇ ਦੱਸਿਆ ਕਿ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਵਿਅਕਤੀ ਦੇ ਬੇਟੇ ਗੌਰਖ ਨਾਥ ਦੇ ਬਿਆਨ ਪੁਲਸ ਵਲੋਂ ਦਰਜ ਕੀਤੇ ਜਾ ਰਹੇ ਹਨ ਅਤੇ ਪੁਲਸ ਵਲੋਂ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਨੌਜਵਾਨ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
Read More : ਪ੍ਰਤੀਕ ਯਾਦਵ ਨੇ ਤਲਾਕ ਦੀਆਂ ਚਰਚਾਵਾਂ ’ਤੇ ਲਾਈ ਰੋਕ
