ਸਿਟੀ ਪੁਲਸ ਨੇ ਗੁਆਂਢੀ ਪਰਿਵਾਰ ਦੇ ਚਾਰ ਮੈਂਬਰਾਂ ਖ਼ਿਲਾਫ਼ ਦਰਜ ਕੀਤਾ ਕੇਸ
ਗੁਰਦਾਸਪੁਰ, 4 ਫਰਵਰੀ : ਗੁਰਦਾਸਪੁਰ ਦੇ ਮੁਹੱਲਾ ਓਂਕਾਰ ਨਗਰ ’ਚ ਆਪਣੇ ਪੁੱਤਰ ’ਤੇ ਹਮਲਾ ਕਰਨ ਵਾਲਿਆਂ ਤੋਂ ਪ੍ਰੇਸ਼ਾਨ ਹੋ ਕੇ ਇਕ ਪਿਤਾ ਵੱਲੋਂ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਿਟੀ ਪੁਲਸ ਗੁਰਦਾਸਪੁਰ ਨੇ ਚਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਜਦਕਿ ਦੋਸ਼ੀ ਅਜੇ ਫ਼ਰਾਰ ਦੱਸੇ ਜਾ ਰਹੇ ਹਨ।
ਏ. ਐੱਸ. ਆਈ. ਜਸ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਾਜਿੰਦਰ ਕੁਮਾਰ ਦੀ ਪਤਨੀ ਨੀਰੂ ਸ਼ਰਮਾ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਦੇ ਗੁਆਂਢੀ ਕੇਵਲ ਵਰਮਾ ਦੇ ਘਰ ਪਾਰਟੀ ਚੱਲ ਰਹੀ ਸੀ। ਰਾਤ 10 ਵਜੇ ਦੇ ਕਰੀਬ ਜਦੋਂ ਉਨ੍ਹਾਂ ਦਾ ਪੁੱਤਰ ਈ-ਰਿਕਸ਼ਾ ’ਤੇ ਘਰ ਆ ਰਿਹਾ ਸੀ, ਤਾਂ ਰਸਤੇ ’ਚ ਮੁਲਜ਼ਮ ਕੇਵਲ ਵਰਮਾ, ਰਾਜ ਕੁਮਾਰ, ਰੌਬਿਨ ਅਤੇ ਸਚਿਨ ਨੇ ਉਸ ਨੂੰ ਰੋਕ ਕੇ ਕੁੱਟਣਾ ਸ਼ੁਰੂ ਕਰ ਦਿੱਤਾ।
ਸ਼ਿਕਾਇਤਕਰਤਾ ਅਨੁਸਾਰ ਜਦੋਂ ਰਾਜਿੰਦਰ ਕੁਮਾਰ ਆਪਣੇ ਪੁੱਤਰ ਨੂੰ ਬਚਾਉਣ ਗਿਆ ਅਤੇ ਮੁਲਜ਼ਮਾਂ ਅੱਗੇ ਮਿੰਨਤਾਂ ਕੀਤੀਆਂ, ਤਾਂ ਉਨ੍ਹਾਂ ਨੇ ਨੌਜਵਾਨ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ। ਜਦੋਂ ਰਾਜਿੰਦਰ ਕੁਮਾਰ ਨੇ ਦੁਖੀ ਹੋ ਕੇ ਕੁਝ ਖਾ ਕੇ ਮਰ ਜਾਣ ਦੀ ਗੱਲ ਕਹੀ, ਤਾਂ ਮੁਲਜ਼ਮਾਂ ਨੇ ਬੇਸ਼ਰਮੀ ਨਾਲ ਜਵਾਬ ਦਿੱਤਾ, ‘ਜਾ ਅਤੇ ਮਰ ਜਾ, ਸਾਨੂੰ ਕੋਈ ਪਰਵਾਹ ਨਹੀਂ’।
ਇਨ੍ਹਾਂ ਸ਼ਬਦਾਂ ਤੋਂ ਦੁਖੀ ਹੋ ਕੇ ਰਾਜਿੰਦਰ ਕੁਮਾਰ ਨੇ ਜ਼ਹਿਰੀਲੀ ਦਵਾਈ ਖਾ ਲਈ। ਪੁਲਸ ਨੇ ਜਾਂਚ ਤੋਂ ਬਾਅਦ ਚਾਰਾਂ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Read More : ਗਾਜ਼ੀਆਬਾਦ ’ਚ 3 ਸਕੀਆਂ ਭੈਣਾਂ ਨੇ 9ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਦਿੱਤੀ ਜਾਨ
