ਪਿਸਤੌਲ ਬਰਾਮਦ
ਗੜ੍ਹਸ਼ੰਕਰ, 24 ਅਕਤੂਬਰ : ਥਾਣਾ ਮਾਹਿਲਪੁਰ ਵਿਚ ਪੈਂਦੇ ਪਿੰਡ ਮਹਿਦੂਦ ਦੇ ਬਾਹਰਵਾਰ ਵਰਿਆਣਾ ਲਿੰਕ ਰੋਡ ’ਤੇ ਪੁਲਸ ਅਤੇ ਮੋਟਰਸਾਈਕਲ ਸਵਾਰਾਂ ’ਚ ਹੋਏ ਮੁਕਾਬਲੇ ਵਿਚ ਕੇਸ਼ਵ ਨਾਮੀ ਵਿਅਕਤੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਅਤੇ ਉਸਦੇ ਪਿਓ ਕ੍ਰਿਸ਼ਨ ਕੁਮਾਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਜ਼ਖਮੀ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ ਗਿਆ ਹੈ।
ਇਸ ਮੌਕੇ ਐੱਸ. ਐੱਸ. ਪੀ. ਹੁਸ਼ਿਆਰਪੁਰ ਸੰਦੀਪ ਮਲਿਕ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਮਾਹਿਲਪੁਰ ਵਿਖੇ 18 ਅਕਤੂਬਰ ਨੂੰ ਸੁਨਿਆਰੇ ਦੀ ਦੁਕਾਨ ’ਤੇ ਗੋਲੀ ਚਲਾਉਣ ਵਾਲੇ ਵਿਅਕਤੀਆਂ ਦੇ ਹੁਲੀਏ ਨਾਲ ਮਿਲਦੇ-ਜੁਲਦੇ ਮੋਟਰਸਾਈਕਲ ਸਵਾਰ 2 ਵਿਅਕਤੀ ਜੇਜੋਂ ਵੱਲ ਘੁੰਮ ਰਹੇ ਹਨ। ਇਸ ਸੂਚਨਾ ’ਤੇ ਪੁਲਸ ਵੱਲੋਂ ਉਕਤ ਮੋਟਰਸਾਈਕਲ ਸਵਾਰਾਂ ਦਾ ਪਿੱਛਾ ਕੀਤਾ ਗਿਆ ਤਾਂ ਉਹ ਜੇਜੋਂ-ਗੜ੍ਹਸ਼ੰਕਰ ਵੱਲ ਨੂੰ ਮੁੜ ਗਏ ਤੇ ਅੱਗੇ ਜਾਕੇ ਮਹਿਦੂਦ ਪਿੰਡ ਤੋਂ ਵਰਿਆਣਾ ਪਿੰਡ ਨੂੰ ਜਾਂਦੀ ਲਿੰਕ ਰੋਡ ਵੱਲ ਮੋਟਰਸਾਈਕਲ ਦੌੜਾ ਲਿਆ।
ਉਨ੍ਹਾਂ ਦੱਸਿਆ ਕਿ ਥੋੜ੍ਹਾ ਅੱਗੇ ਜਾ ਕੇ ਉਹ ਪੁਲਸ ਪਾਰਟੀ ’ਤੇ ਫਾਇਰਿੰਗ ਕਰਨ ਲੱਗੇ ਤੇ ਮੋਟਰਸਾਈਕਲ ਸੁੱਟ ਕੇ ਝਾੜੀਆਂ ਵੱਲ ਨੂੰ ਭੱਜਣ ਲੱਗੇ। ਇਸ ਦੌਰਾਨ ਇਕ ਵਿਅਕਤੀ ਕੇਸ਼ਵ ਦੀ ਲੱਤ ਵਿਚ ਪੁਲਸ ਦੀ ਗੋਲੀ ਲੱਗੀ ਅਤੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਉਨ੍ਹਾਂ ਨੇ ਦੱਸਿਆ ਕਿ ਇਸ ਮੌਕੇ 32 ਬੋਰ ਦਾ ਇਕ ਪਿਸਤੌਲ, ਜ਼ਿੰਦਾ ਕਾਰਤੂਸ ਅਤੇ ਇਕ ਬਿਨਾਂ ਨੰਬਰ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਨ੍ਹਾਂ ਸੁਨਿਆਰੇ ਦੀ ਦੁਕਾਨ ’ਤੇ ਗੋਲੀ ਕਿਉਂ ਚਲਾਈ। ਉਨ੍ਹਾਂ ਕਿਹਾ ਕਿ ਇਹ ਪਿਓ-ਪੁੱਤ ਟਾਂਡਾ ਦੇ ਰਹਿਣ ਵਾਲੇ ਹਨ।
ਦੱਸਣਯੋਗ ਹੈ ਕਿ 18 ਅਕਤੂਬਰ ਨੂੰ ਉਕਤ ਲੋਕਾਂ ਨੇ ਗਣਪਤੀ ਜਵੈਲਰਜ਼ ਦੁਕਾਨ ’ਤੇ ਗੋਲੀ ਚਲਾਈ ਸੀ ਅਤੇ ਦੁਕਾਨ ਮਾਲਕ ਰਵੀ ਬੱਗਾ ਨੂੰ ਕਿਸੇ ਵਿਦੇਸ਼ੀ ਨੰਬਰ ਤੋਂ ਆਏ ਫੋਨ ’ਤੇ 20 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਇਸ ਤੋਂ ਬਾਅਦ ਹੋਰ ਵੀ ਅੱਧੀ ਦਰਜਨ ਤੋਂ ਵੱਧ ਲੋਕਾਂ ਨੂੰ ਧਮਕੀ ਭਰੇ ਫੋਨ ਆਏ ਸਨ।
ਇਸ ਤੋਂ ਬਾਅਦ ਦੁਕਾਨ ’ਤੇ ਕੰਮ ਕਰਨ ਵਾਲੇ ਭਰਤ ਕੁਮਾਰ ਦੇ ਬਿਆਨ ’ਤੇ ਥਾਣਾ ਮਾਹਿਲਪੁਰ ਵਿਖੇ ਨਾਮਲੂਮ ਖਿਲਾਫ ਧਾਰਾ 336,324(4,3(5) ਬੀ. ਐੱਨ. ਐਸ. ਤੇ ਆਰਮਜ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਸੀ।
Read More : ਨੌਜਵਾਨਾਂ ਨੂੰ ਨੌਕਰੀਆਂ ਮੰਗਣ ਦੀ ਬਜਾਏ ਨੌਕਰੀਆਂ ਦੇਣ ਦੇ ਸਮਰੱਥ ਬਣਾਵਾਂਗੇ : ਮਾਨ
