ਕੁਝ ਥਾਵਾਂ ’ਤੇ ਕਿਸਾਨਾਂ ਦੀਆਂ ਪੁਲਸ ਨਾਲ ਹੋਈਆਂ ਝੜਪਾਂ ,
ਪਟਿਆਲਾ, 5 ਦਸੰਬਰ : ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਬਿਜਲੀ ਸੋਧ ਬਿੱਲ ਖ਼ਿਲਾਫ਼ ਅੱਜ 2 ਘੰਟੇ ਦਾ ਸੰਕੇਤਕ ਰੇਲ ਰੋਕੋ ਮੋਰਚਾ ਉਲੀਕਿਆ ਗਿਆ ਸੀ, ਜਿਸ ਤਹਿਤ ਜਿਥੇ ਕਿਸਾਨਾਂ ਨੇ ਰੇਲਾਂ ਦਾ ਚੱਕਾ ਜਾਮ ਕੀਤਾ, ਉੱਥੇ ਕੁਝ ਥਾਵਾਂ ’ਤੇ ਕਿਸਾਨਾਂ ਦੀਆਂ ਪੁਲਸ ਨਾਲ ਝੜਪਾਂ ਵੀ ਹੋਈਆਂ ਤੇ ਪੁਲਸ ਵੱਲੋਂ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ। ਇਸ ਦੇ ਬਾਵਜੂਦ ਕਿਸਾਨ ਰੇਲਾਂ ਰੋਕਣ ’ਚ ਸਫਲ ਰਹੇ। ਰੇਲ ਰੋਕੋ ਮੋਰਚਾ ਤੋਂ ਬਾਅਦ ਸਾਰੇ ਕਿਸਾਨ ਆਗੂਆਂ ਦੀ ਰਿਹਾਈ ਤੋਂ ਬਾਅਦ ਮੋਰਚਾ ਸਮਾਪਤ ਕੀਤਾ ਗਿਆ।
ਇਸ ਮੌਕੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਇਸ ਐਕਸ਼ਨ ਦੌਰਾਨ ਦਿੱਲੀ ਅੰਮ੍ਰਿਤਸਰ ਮੁੱਖ ਰੇਲ ਮਾਰਗ ਦੇਵੀਦਾਸਪੁਰਾ ਨਜ਼ਦੀਕ ਮੇਹਰਬਾਨਪੁਰਾ ਫਾਟਕ, ਧਾਰੀਵਾਲ ਰੇਲਵੇ ਸਟੇਸ਼ਨ ਅੰਮ੍ਰਿਤਸਰ ਜੰਮੂ-ਕਸ਼ਮੀਰ ਮਾਰਗ, ਪਰਮਾਨੰਦ ਫਾਟਕ ਪਠਾਨਕੋਟ ਤੇ 30 ਮਿੰਟ ਤੱਕ ਜਾਮ ਤੋਂ ਬਾਅਦ ਕਿਸਾਨਾਂ ਦੀ ਗ੍ਰਿਫਤਾਰੀ ਕੀਤੀ ਗਈ।
ਇਸੇ ਤਰ੍ਹਾਂ ਤਰਨ ਤਾਰਨ ’ਚ ਮੱਲ ਮੋਹਰੀ ਤੇ ਗੋਹਲਵੜ, ਫਿਰੋਜ਼ਪੁਰ ’ਚ ਬਸਤੀ ਟੈਂਕਾਂ ਵਾਲੀ, ਕੋਹਰ ਸਿੰਘ ਵਾਲਾ ਗੁਰੂ ਹਰਸਹਾਇ, ਮੱਲਾਂ ਵਾਲਾ, ਤਲਵੰਡੀ ਭਾਈ, ਮੱਖੂ, ਜਲੰਧਰ ’ਚ ਸ਼ਾਹਕੋਟ, ਕਪੂਰਥਲਾ ’ਚ ਡੱਡਵਿੰਡੀ, ਮੋਗਾ ਘੱਲ ਕਲਾਂ ਅਤੇ ਡਗਰੂ, ਫਾਜ਼ਿਲਕਾ ’ਚ ਸ਼ੇਰ ਮੁਹੰਮਦ ਫਾਟਕ ਲਗਭਗ 1 ਤੋਂ 3 ਵਜੇ ਤੱਕ ਜਾਮ ਰਹੇ। ਲਹਿਰਾ ਮੁਹੱਬਤਾ ਬਠਿੰਡਾ 1 ਘੰਟੇ ਦੇ ਜਾਮ ਤੋਂ ਬਾਅਦ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਉਨ੍ਹਾਂ ਕਿਹਾ ਕਿ ਅੱਜ ਲੋਕਾਂ ਨੇ ਦੱਸ ਦਿੱਤਾ ਕਿ ਉਹ ਕਿਸ ਕਦਰ ਇਸ ਬਿੱਲ ਦੇ ਖਿਲਾਫ ਹਨ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਤੁਰੰਤ ਇਸ ਬਿੱਲ ਖ਼ਿਲਾਫ਼ ਮਤਾ ਪਾ ਕੇ ਕੇਂਦਰ ਸਰਕਾਰ ਨੂੰ ਭੇਜੇ ਅਤੇ ਕੇਂਦਰ ਸਰਕਾਰ ਰਾਜਾਂ ਦੇ ਹੱਕਾਂ ’ਤੇ ਡਾਕਾ ਮਾਰਨ ਵਾਲਾ ਰਵਈਆ ਬੰਦ ਕਰੇ। ਉਨ੍ਹਾਂ ਲੋਕਾਂ ਨੂੰ ਇਸ ਬਿੱਲ ਖ਼ਿਲਾਫ਼ ਹੋਰ ਵੱਡੇ ਪੱਧਰ ’ਤੇ ਸੰਘਰਸ਼ ਦੀ ਤਿਆਰੀ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਵੱਖ-ਵੱਖ ਥਾਵਾਂ ’ਤੇ ਜਸਵਿੰਦਰ ਸਿੰਘ ਲੌਂਗੋਵਾਲ, ਮਨਜੀਤ ਸਿੰਘ ਰਾਏ ਦਲਬਾਗ ਸਿੰਘ ਗਿੱਲ, ਓਂਕਾਰ ਸਿੰਘ ਭੰਗਾਲਾ, ਬਲਦੇਵ ਸਿੰਘ ਜੀਰਾ ਸੁਖਵਿੰਦਰ ਸਿੰਘ ਸਭਰਾ, ਮਲਕੀਤ ਸਿੰਘ ਗੁਲਾਮੀਵਾਲਾ, ਜੰਗ ਸਿੰਘ ਭਟੇੜੀ ਸਮੇਤ ਹਜ਼ਾਰਾਂ ਦੀ ਗਿਣਤੀ ’ਚ ਕਿਸਾਨ ਮਜ਼ਦੂਰ ਅਤੇ ਔਰਤਾਂ ਸ਼ਾਮਿਲ ਹੋਏ।
Read More : ਜਾਪਾਨ ਦੌਰੇ ਦੇ ਚੌਥੇ ਦਿਨ ਮੁੱਖ ਮੰਤਰੀ ਨੇ ਓਸਾਕਾ ਵਿਖੇ ਕੀਤਾ ਬਿਜ਼ਨੈੱਸ ਰੋਡ ਸ਼ੋਅ
