ਪੰਜਾਬ ਸਰਕਾਰ ਅੰਗਰੇਜ਼ਾਂ ਤੋਂ ਵੀ ਬੁਰੀ ਨਿਕਲੀ, ਕਿਸਾਨਾਂ ਤੇ ਲੋਕਤੰਤਰ ਨੂੰ ਕੁਚਲ ਰਹੀ ਹੈ : ਜੋਗਿੰਦਰ ਉਗਰਾਹਾਂ
ਬਠਿੰਡਾ, 20 ਫਰਵਰੀ : ਬਲਾਕ ਨਥਾਣਾ ਦੇ ਪਿੰਡ ਗੋਬਿੰਦਪੁਰਾ ਸਥਿਤ ਕੇਂਦਰੀ ਜੇਲ੍ਹ ਬਠਿੰਡਾ ਵਿੱਚੋਂ ਕਿਸਾਨ ਆਗੂ ਸ਼ਗਨਦੀਪ ਸਿੰਘ ਜਿਉਂਦ ਅਤੇ ਬਲਦੇਵ ਸਿੰਘ ਚਾਉਕੇ ਨੂੰ ਅੱਜ ਹਾਈਕੋਰਟ ਤੋਂ ਜ਼ਮਾਨਤ ਮਿਲਣ ਉਪਰੰਤ ਦੇਰ ਸ਼ਾਮ ਰਿਹਾਅ ਕਰ ਦਿੱਤਾ ਗਿਆ। ਇਨ੍ਹਾਂ ਦੋਵਾਂ ਕਿਸਾਨਾਂ ਨੂੰ ਪਿੰਡ ਚਾਉਕੇ ਦੇ ਆਦਰਸ਼ ਸਕੂਲ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਜੇਲ੍ਹ ਵਿੱਚੋਂ ਰਿਹਾਈ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਸਰਕਾਰ ਦੀ ਤੁਲਨਾ ਅੰਗਰੇਜ਼ੀ ਹਕੂਮਤ ਨਾਲ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਤਾਂ ਅੰਗਰੇਜ਼ਾਂ ਤੋਂ ਵੀ ਬੁਰੀ ਨਿਕਲੀ ਹੈ, ਜੋ ਕਿਸਾਨਾਂ ਦੇ ਲੋਕਤੰਤਰਿਕ ਹੱਕਾਂ ਨੂੰ ਕੁਚਲ ਰਹੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਰਿਹਾਈ ਦੀ ਪ੍ਰਕਿਰਿਆ ਪੂਰੀ ਨਾ ਹੋਣ ਕਾਰਨ ਕਿਸਾਨਾਂ ਵੱਲੋਂ ਜੇਲ੍ਹ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਅੱਜ ਵੀ ਵੱਡੀ ਗਿਣਤੀ ਵਿੱਚ ਜਥੇਬੰਦੀ ਦੇ ਵਰਕਰਾਂ ਨੇ ਜੇਲ੍ਹ ਅੱਗੇ ਧਰਨਾ ਦਿੱਤਾ, ਪਰ ਸ਼ਾਮ ਨੂੰ ਰਿਹਾਈ ਹੋਣ ‘ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਰਿਹਾਅ ਹੋਏ ਕਿਸਾਨਾਂ ਨੇ ਪ੍ਰਸ਼ਾਸਨ ‘ਤੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਝੂਠੇ ਕੇਸ ਤਹਿਤ ਕਰੀਬ 11 ਮਹੀਨੇ ਜੇਲ੍ਹ ਵਿੱਚ ਬੰਦ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਜਿਸ ਡੀ.ਐੱਸ.ਪੀ. ਦੇ ਸਿਰ ‘ਤੇ ਸੱਟ ਲੱਗਣ ਦੀ ਗੱਲ ਕਹੀ ਗਈ ਸੀ, ਡਾਕਟਰੀ ਰਿਪੋਰਟ ਅਨੁਸਾਰ ਉਸ ਦੀ ਬਾਂਹ ‘ਤੇ ਸੱਟ ਲੱਗੀ ਸੀ, ਜਿਸ ਦੇ ਆਧਾਰ ‘ਤੇ ਇੰਨੀ ਲੰਬੀ ਕੈਦ ਜਾਇਜ਼ ਨਹੀਂ ਸੀ।
ਉਗਰਾਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਪੁਲਿਸ ਨੂੰ ਖੁੱਲ੍ਹੀ ਛੋਟ ਦੇ ਕੇ ਕਿਸਾਨਾਂ ‘ਤੇ ਨਾਜਾਇਜ਼ ਪਰਚੇ ਦਰਜ ਕਰਵਾ ਰਹੀ ਹੈ, ਜਿਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।
Read More : ਸਿੱਖਿਆ ਵਿਭਾਗ ਦਾ ਨਵਾਂ ਕਾਰਨਾਮਾ : 8ਵੀਂ ਜਮਾਤ ਦੇ ਸਾਇੰਸ ਪੇਪਰ ’ਚੋਂ 3 ਪ੍ਰਸ਼ਨ ਗਾਇਬ
