ਨਕਲੀ ਸੀ. ਬੀ. ਆਈ.

ਨਕਲੀ ਸੀ.ਬੀ.ਆਈ. ਅਫਸਰ ਬਣ ਕੇ 65 ਲੱਖ ਦੀ ਠੱਗੀ ਮਾਰਨ ਵਾਲਾ ਪਰਿਵਾਰਕ ਗਿਰੋਹ ਕਾਬੂ

ਤਿੰਨ ਸਾਲਾਂ ਤੋਂ ਫਰਾਰ ਚੱਲ ਰਹੇ ਪਤੀ-ਪਤਨੀ ਅਤੇ ਭਰਾ ਹੁਸ਼ਿਆਰਪੁਰ ਤੋਂ ਗ੍ਰਿਫਤਾਰ, ਨਕਲੀ ਦਫ਼ਤਰ ਬਣਾ ਕੇ ਮਾਰਦੇ ਸੀ ਠੱਗੀਆਂ : ਡੀ. ਐੱਸ. ਪੀ. ਹਰਸਿਮਰਨ ਸਿੰਘ

ਪਟਿਆਲਾ, 19 ਫਰਵਰੀ : ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਐੱਸ. ਐੱਚ. ਓ. ਸਬ-ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਨਕਲੀ ਸੀ. ਬੀ. ਆਈ. ਅਧਿਕਾਰੀ ਬਣ ਕੇ ਬੇਰੋਜ਼ਗਾਰਾਂ ਨੂੰ ਨੌਕਰੀ ਦਾ ਝਾਂਸਾ ਦੇਣ ਅਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਪਿਛਲੇ ਤਿੰਨ ਸਾਲਾਂ ਤੋਂ ਪੁਲਸ ਦੀ ਗ੍ਰਿਫਤਾਰੀ ਤੋਂ ਬਚਣ ਲਈ ਲੁਕਦੇ ਫਿਰ ਰਹੇ ਸਨ।

ਇਸ ਮਾਮਲੇ ਸਬੰਧੀ ਡੀ. ਐੱਸ. ਪੀ. ਦਿਹਾਤੀ ਹਰਸਿਮਰਨ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਦੀ ਪਛਾਣ ਗੁਰਸੇਵਕ ਸਿੰਘ, ਉਸ ਦੀ ਪਤਨੀ ਅਮਨਜੋਤ ਕੌਰ ਅਤੇ ਉਸ ਦੇ ਭਰਾ ਗੁਰਤੇਜ ਸਿੰਘ ਵਜੋਂ ਹੋਈ ਹੈ। ਇਹ ਸਾਰੇ ਸਮਾਣਾ ਦੇ ਰਹਿਣ ਵਾਲੇ ਹਨ। ਇਨ੍ਹਾਂ ਦੇ ਖਿਲਾਫ ਸਾਲ 2023 ’ਚ ਧੋਖਾਦੇਹੀ ਅਤੇ ਹੋਰ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਇਨ੍ਹਾਂ ਮੁਲਜ਼ਮਾਂ ਨੇ ਬਹੁਤ ਹੀ ਚਲਾਕੀ ਨਾਲ ਆਪਣਾ ਜਾਲ ਵਿਛਾਇਆ ਹੋਇਆ ਸੀ। ਪਿੰਡ ਧਾਂਦਿਆਂ ਦੇ ਰਹਿਣ ਵਾਲੇ ਗੁਰਨਾਮ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਨ੍ਹਾਂ ਵਿਅਕਤੀਆਂ ਨੇ ਉਸ ਦੇ ਬੱਚਿਆਂ ਨੂੰ ਸੀ. ਬੀ. ਆਈ. ਅਤੇ ਐਂਟੀ ਨਾਰਕੋਟਿਕਸ ਟਾਸਕ ਫੋਰਸ ’ਚ ਸਰਕਾਰੀ ਨੌਕਰੀ ਲਗਵਾਉਣ ਦਾ ਲਾਲਚ ਦਿੱਤਾ ਸੀ।

ਭਰੋਸਾ ਜਿੱਤਣ ਲਈ ਇਨ੍ਹਾਂ ਨੇ ਗੁਰਨਾਮ ਸਿੰਘ ਤੋਂ ਵੱਖ-ਵੱਖ ਕਿਸ਼ਤਾਂ ’ਚ ਕੁੱਲ 65 ਲੱਖ ਰੁਪਏ ਹੜੱਪ ਲਏ। ਹੱਦ ਤਾਂ ਉਦੋਂ ਹੋ ਗਈ ਜਦੋਂ ਇਨ੍ਹਾਂ ਨੇ ਪੀੜਤ ਨੂੰ ਅਸਲੀ ਦਿਖਣ ਵਾਲੇ ਨਕਲੀ ਨਿਯੁਕਤੀ ਪੱਤਰ ਵੀ ਜਾਰੀ ਕਰ ਦਿੱਤੇ। ਜਦੋਂ ਪੀੜਤ ਨੂੰ ਸਾਰੀ ਸਥਿਤੀ ਦਾ ਪਤਾ ਲੱਗਿਆ ਅਤੇ ਉਸ ਨੇ ਆਪਣੇ ਪੈਸੇ ਵਾਪਸ ਮੰਗੇ, ਤਾਂ ਮੁਲਜ਼ਮਾਂ ਨੇ ਪੈਸੇ ਦੇਣ ਦੀ ਬਜਾਏ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਡੀ. ਐੱਸ. ਪੀ. ਹਰਸਿਮਰਨ ਸਿੰਘ ਨੇ ਦੱਸਿਆ ਕਿ ਇਹ ਕੋਈ ਆਮ ਠੱਗ ਨਹੀਂ ਸਨ। ਇਨ੍ਹਾਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਕ ਨਕਲੀ ਸੀ. ਬੀ. ਆਈ. ਦਫ਼ਤਰ ਵੀ ਸਥਾਪਿਤ ਕੀਤਾ ਹੋਇਆ ਸੀ। ਇਹ ਖੁਦ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਦੇ ਉੱਚ ਅਧਿਕਾਰੀ ਦੱਸਦੇ ਸਨ ਅਤੇ ਆਪਣੀਆਂ ਨਿੱਜੀ ਗੱਡੀਆਂ ’ਤੇ ਸੀ. ਬੀ. ਆਈ. ਦੇ ਸਟਿੱਕਰ ਅਤੇ ਲੋਗੋ ਲਗਾ ਕੇ ਘੁੰਮਦੇ ਸਨ ਤਾਂ ਜੋ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ। ਕੇਸ ਦਰਜ ਹੋਣ ਤੋਂ ਬਾਅਦ ਇਹ ਤਿੰਨੋਂ ਫਰਾਰ ਹੋ ਗਏ ਅਤੇ ਹੁਸ਼ਿਆਰਪੁਰ ਵਿਖੇ ਇਕ ਪੀ.ਜੀ. ’ਚ ਆਪਣੀ ਪਛਾਣ ਛੁਪਾ ਕੇ ਰਹਿਣ ਲੱਗੇ।

ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਤਕਨੀਕੀ ਮਾਹਿਰਾਂ ਦੀ ਮਦਦ ਅਤੇ ਗੁਪਤ ਸੂਚਨਾ ਦੇ ਆਧਾਰ ’ਤੇ ਹੁਸ਼ਿਆਰਪੁਰ ਵਿਖੇ ਛਾਪੇਮਾਰੀ ਕਰ ਕੇ ਤਿੰਨਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਤਿੰਨ ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।

Read More : ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਢਾਬੇ ’ਚ ਵੜੀ, ਮਾਲਕ ਤੇ ਗਾਹਕ ਦੀ ਮੌਤ

Leave a Reply

Your email address will not be published. Required fields are marked *