Mohali-News

ਸਕਾਰਪੀਓ ‘ਚੋਂ 10 ਕਰੋੜ ਰੁਪਏ ਦੀ ਜਾਅਲੀ ਕਰੰਸੀ ਬਰਾਮਦ

ਮੁਲਜ਼ਮਾਂ ਕੋਲੋਂ 1000 ਅਤੇ 500 ਰੁਪਏ ਦੇ ਪੁਰਾਣੇ ਨੋਟ ਵੀ ਮਿਲੇ : ਐੱਸ. ਐੱਸ. ਪੀ. ਹਰਮਨਦੀਪ ਸਿੰਘ

ਮੋਹਾਲੀ, 14 ਨਵੰਬਰ : ਮੋਹਾਲੀ ‘ਚ ਪੁਲਿਸ ਨੇ ਕਰੀਬ 10 ਕਰੋੜ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਹੈ। ਇਸ ਦੌਰਾਨ ਮੁਲਜ਼ਮਾਂ ਕੋਲੋਂ 1000 ਅਤੇ 500 ਰੁਪਏ ਦੇ ਪੁਰਾਣੇ ਨੋਟ ਵੀ ਮਿਲੇ ਹਨ।

ਐੱਸ. ਐੱਸ. ਪੀ. ਹਰਮਨਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੇ ਸਬੰਧ ‘ਚ ਹਰਿਆਣਾ ਦੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਮੁਲਜ਼ਮ ਇੱਕ ਸਕਾਰਪੀਓ ਕਾਰ ‘ਚ ਕਰੰਸੀ ਲਿਜਾ ਰਹੇ ਸਨ। ਉਨ੍ਹਾਂ ਖ਼ਿਲਾਫ 7 ਕਰੋੜ ਰੁਪਏ ਦੀ ਧੋਖਾਧੜੀ ਦਾ ਪਹਿਲਾਂ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਡੀ. ਐੱਸ. ਪੀ. ਦੀ ਨਿਗਰਾਨੀ ਹੇਠ ਇਕ ਜਾਂਚ ਟੀਮ ਬਣਾਈ ਗਈ ਹੈ।

ਮੋਹਾਲੀ ਪੁਲਿਸ ਟੀਮ ਨੇ ਪੁਰਾਣੇ ਅੰਬਾਲਾ-ਕਾਲਕਾ ਹਾਈਵੇਅ ‘ਤੇ ਘੱਗਰ ਪੁਲ ਦੇ ਨੇੜੇ ਇੱਕ ਨਾਕਾ ਲਗਾਇਆ ਸੀ। ਇਸ ਚੈਕਿੰਗ ਦੌਰਾਨ ਇਕ ਸਕਾਰਪੀਓ-ਐਨ (HR-41-M-6974) ਆ ਰਹੀ ਸੀ। ਪੁਲਿਸ ਨੇ ਗੱਡੀ ਦੀ ਜਾਂਚ ਕੀਤੀ ਤਾਂ 11.05 ਲੱਖ ਰੁਪਏ ਦੀ ਅਸਲੀ ਕਰੰਸੀ ਅਤੇ ਲਗਭੱਗ 9.88 ਕਰੋੜ ਰੁਪਏ ਦੀ ਨਕਲੀ ਕਰੰਸੀ ਮਿਲੀ।

ਪੁਲਿਸ ਨੇ ਇਸ ਮਾਮਲੇ ਦੇ ਸਬੰਧ ‘ਚ ਹਰਿਆਣਾ ਦੇ ਕੁਰੂਕਸ਼ੇਤਰ ਦੇ ਰਹਿਣ ਵਾਲੇ ਸਚਿਨ ਅਤੇ ਗੁਰਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸਐਸਪੀ ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਗਿਰੋਹ ਨੇ ਕਈ ਲੋਕਾਂ ਨਾਲ ਧੋਖਾ ਕੀਤਾ ਹੈ। ਇਹ ਪਤਾ ਲਗਾਉਣ ਲਈ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਰੰਸੀ ਕਿੱਥੋਂ ਆਈ।

ਐਸਐਸਪੀ ਹੰਸ ਨੇ ਦੱਸਿਆ ਕਿ ਸਕਾਰਪੀਓ ਤੋਂ ਬਰਾਮਦ ਕੀਤੀ ਨਕਲੀ ਕਰੰਸੀ ‘ਚ 1,000 ਰੁਪਏ ਦੇ 80 ਬੰਡਲ (80 ਲੱਖ ਰੁਪਏ ਦੀ ਕੀਮਤ), 500 ਰੁਪਏ ਦੇ 60 ਬੰਡਲ (30 ਲੱਖ ਰੁਪਏ ਦੀ ਕੀਮਤ) ਅਤੇ 2,000 ਰੁਪਏ ਦੇ 439 ਬੰਡਲ (ਲਗਭਗ 8.78 ਕਰੋੜ ਰੁਪਏ ਦੀ ਕੀਮਤ) ਸ਼ਾਮਲ ਸਨ।

ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਬੰਡਲਾਂ ਦੇ ਉੱਪਰ ਅਤੇ ਹੇਠਾਂ ਅਸਲੀ ਨੋਟ ਰੱਖੇ ਸਨ, ਜਦੋਂ ਕਿ ਵਿਚਕਾਰਲੇ ਹਿੱਸੇ ਨੂੰ ਨਕਲੀ ਨੋਟਾਂ ਨਾਲ ਭਰਿਆ ਹੋਇਆ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਗਿਰੋਹ ਪੰਜਾਬ, ਹਰਿਆਣਾ ਅਤੇ ਰਾਜਸਥਾਨ ‘ਚ ਕਈ ਧੋਖਾਧੜੀ ਦੇ ਮਾਮਲਿਆਂ ‘ਚ ਸ਼ਾਮਲ ਰਿਹਾ ਹੈ।

Read More : ਆਈ.ਐੱਸ.ਆਈ. ਦੇ 10 ਅੱਤਵਾਦੀ ਗ੍ਰਿਫ਼ਤਾਰ, ਹੈਂਡ ਗ੍ਰੇਨੇਡ ਬਰਾਮਦ

Leave a Reply

Your email address will not be published. Required fields are marked *