exposed

ਨਸ਼ਾ ਸਮੱਗਲਰਾਂ ਦੀਆਂ ਜ਼ਮਾਨਤਾਂ ਕਰਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼

ਜਾਅਲੀ ਦਸਤਾਵੇਜ਼ਾਂ ਸਮੇਤ 5 ਮੁਲਜ਼ਮ ਕਾਬੂ : ਐੱਸ. ਪੀ. ਦਿਲਪ੍ਰੀਤ ਸਿੰਘ

ਸੰਗਰੂਰ, 18 ਜੂਨ -: ਗਗਨ ਅਜੀਤ ਸਿੰਘ ਐੱਸ. ਐੱਸ. ਪੀ. ਮਲੇਰਕੋਟਲਾ-ਕਮ-ਚਾਰਜ ਐੱਸ. ਐੱਸ. ਪੀ. ਸੰਗਰੂਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੁਲਸ ਸੰਗਰੂਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਦਰ ਧੂਰੀ ਦੇ ਖੇਤਰ ’ਚ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਨਸ਼ਾ ਸਮੱਗਲਰਾਂ ਦੀਆਂ ਜ਼ਮਾਨਤਾਂ ਕਰਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਕੇ 05 ਮੁਲਜ਼ਮਾਂ ਨੂੰ ਜਾਅਲੀ ਦਸਤਾਵੇਜ਼ਾਂ ਸਮੇਤ ਕਾਬੂ ਕੀਤਾ ਹੈ।

ਇਸ ਸਬੰਧੀ ਪੁਲਸ ਲਾਈਨ ਸੰਗਰੂਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਪੀ. (ਐੱਚ) ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਦਮਨਵੀਰ ਸਿੰਘ ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਧੂਰੀ ਦੀ ਨਿਗਰਾਨੀ ਹੇਠ ਇੰਸਪੈਕਟਰ ਕਰਨਬੀਰ ਸਿੰਘ ਸੰਧੂ, ਮੁੱਖ ਅਫਸਰ, ਥਾਣਾ ਸਦਰ ਧੂਰੀ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਗੁਰਦੀਪ ਸਿੰਘ ਨੰਬਰਦਾਰ ਵਾਸੀ ਕਾਂਝਲਾ ਹੋਰ ਵਿਅਕਤੀਆਂ ਨਾਲ ਹਮ ਮਸ਼ਵਰਾ ਹੋ ਕੇ ਜਾਅਲੀ ਦਸਤਾਵੇਜ਼ ਅਾਧਾਰ ਕਾਰਡ/ਫਰਦਾਂ ਵਗੈਰਾ ਤਿਆਰ ਕਰ ਕੇ ਅਦਾਲਤ ’ਚ ਲਗਾ ਕੇ ਐੱਨ. ਡੀ. ਪੀ. ਐੱਸ. ਐਕਟ ਅਤੇ ਹੋਰ ਮੁਕੱਦਮਿਆਂ ਦੇ ਮੁਲਜ਼ਮਾਂ ਦੀਆਂ ਜ਼ਮਾਨਤਾਂ ਕਰਵਾ ਦਿੰਦੇ ਹਨ।

ਐੱਸ. ਪੀ. (ਐੱਚ) ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਕੰਮ ਦੇ ਬਦਲੇ ਉਹ ਮੁਲਜ਼ਮਾਂ ਪਾਸੋਂ ਮੋਟੀਆਂ ਰਕਮਾਂ ਵਸੂਲ ਕਰਦੇ ਹਨ, ਜਿਨ੍ਹਾਂ ਵੱਲੋਂ ਪਿਛਲੇ ਸਮੇਂ ਦੌਰਾਨ ਵੱਖ-ਵੱਖ ਮੁਕੱਦਮਿਆਂ ’ਚ ਗ੍ਰਿਫਤਾਰ ਕਥਿਤ ਦੋਸ਼ੀ ਜੀਵਨ ਸਿੰਘ ਅਤੇ ਬੰਟੀ ਸਿੰਘ ਵਾਸੀਆਨ ਪਿੰਡ ਸਮੁੰਦਗੜ੍ਹ ਛੰਨਾ ਦੀ ਜ਼ਮਾਨਤ ਕਰਵਾਉਣ ਲਈ ਪਿੰਡ ਕਾਂਝਲਾ ਦੇ ਵਿਅਕਤੀਆਂ ਦੇ ਜਾਅਲੀ ਅਾਧਾਰ ਕਾਰਡ ਬਣਾ ਕੇ, ਜ਼ਮੀਨਾਂ ਦੀਆਂ ਫਰਦਾਂ ਗਲਤ ਢੰਗ ਨਾਲ ਲਗਾ ਕੇ, ਖੁਦ ਨੂੰ ਹੋਰ ਵਿਅਕਤੀ ਦੱਸ ਕੇ ਜ਼ਮਾਨਤਾਂ ਕਰਵਾਈਆਂ ਹਨ ਤੇ ਇਸ ਦੇ ਬਦਲੇ ਇਨ੍ਹਾਂ ਪਾਸੋਂ ਮੋਟੀ ਰਕਮ ਹਾਸਲ ਕੀਤੀ ਹੈ। ਇਸ ਤਰ੍ਹਾਂ ਇਹ ਕਥਿਤ ਦੋਸ਼ੀਆਨ ਪੁਲਿਸ ਅਤੇ ਅਦਾਲਤਾਂ ਨੂੰ ਧੋਖਾ ਦੇ ਰਹੇ ਹਨ।

ਇਸ ਬਾਬਤ ਮੁਕੱਦਮਾ ਨੰਬਰ 137 ਮਿਤੀ 16.06.2025 ਅ/ਧ 319(2), 318(4), 336(2), 336(3), 338, 340(2), 61(2) ਬੀ. ਐੱਨ. ਐੱਸ. ਥਾਣਾ ਸਦਰ ਧੂਰੀ ਬਰ-ਖਿਲਾਫ਼ ਗੁਰਦੀਪ ਸਿੰਘ ਨੰਬਰਦਾਰ ਵਾਸੀ ਕਾਂਝਲਾ, ਸੁਰਜੀਤ ਸਿੰਘ, ਮਨਜਿੰਦਰ ਵਾਸੀਆਨ ਕਾਂਝਲਾ, ਜਗਸੀਰ ਸਿੰਘ ਸੀਰਾ ਅਤੇ ਤੀਰਥ ਸਿੰਘ ਵਾਸੀਆਨ ਲੱਡਾ ਦਰਜ ਕਰ ਕੇ ਤਫਤੀਸ਼ ਅਮਲ ’ਚ ਲਿਆਂਦੀ ਗਈ।

ਇਸ ਦੌਰਾਨ ਮੁਲਜ਼ਮ ਗੁਰਦੀਪ ਸਿੰਘ, ਸੁਰਜੀਤ ਸਿੰਘ ਵਾਸੀਆਨ ਕਾਂਝਲਾ, ਤੀਰਥ ਸਿੰਘ ਵਾਸੀ ਲੱਡਾ ਨੂੰ ਮਿਤੀ 16.06.2025 ਨੂੰ ਅਤੇ ਮੁਲਜ਼ਮ ਮਨਜਿੰਦਰ ਸਿੰਘ ਵਾਸੀ ਕਾਂਝਲਾ ਤੇ ਜਗਸੀਰ ਸਿੰਘ ਸੀਰਾ ਵਾਸੀ ਲੰਡਾ ਨੂੰ ਮਿਤੀ 17.06.2025 ਨੂੰ ਗ੍ਰਿਫਤਾਰ ਕਰਨ ਉਪਰੰਤ ਇਨ੍ਹਾਂ ਦੇ ਕਬਜ਼ਾ ’ਚੋਂ ਜਾਅਲੀ ਆਧਾਰ ਕਾਰਡ ਦੀਆਂ ਕਾਪੀਆਂ ਬਰਾਮਦ ਕਰਵਾਈਆਂ ਗਈਆਂ। ਮੁਲਜ਼ਮਾਂ ਪਾਸੋਂ ਪੁੱਛ-ਗਿੱਛ ਜਾਰੀ ਹੈ, ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Read More : ਕੇਦਾਰਨਾਥ ’ਚ ਜ਼ਮੀਨ ਖਿਸਕੀ, 2 ਲੋਕਾਂ ਦੀ ਮੌਤ

Leave a Reply

Your email address will not be published. Required fields are marked *