Gurdaspur Explosion

ਗੁਰਦਾਸਪੁਰ ਸਿਟੀ ਥਾਣੇ ਦੇ ਬਾਹਰ ਹੋਇਆ ਧਮਾਕਾ, 2 ਔਰਤਾਂ ਸਮੇਤ ਤਿੰਨ ਜ਼ਖਮੀ

ਗੁਰਦਾਸਪੁਰ, 26 ਨਵੰਬਰ : ਇਕ ਪਾਸੇ ਗੁਰਦਾਸਪੁਰ ਜ਼ਿਲੇ ਅੰਦਰ ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਜਿੱਥੇ ਪੁਲਸ ਵੱਲੋਂ ਸਾਰੇ ਪਾਸੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ, ਉਸਦੇ ਉਲਟ ਗੁਰਦਾਸਪੁਰ ਸਿਟੀ ਥਾਣੇ ਦੇ ਬਾਹਰ ਇਕ ਧਮਾਕਾ ਹੋਣ ਕਾਰਨ 2 ਔਰਤਾਂ ਸਮੇਤ ਤਿੰਨ ਵਿਅਕਤੀ ਜ਼ਖਮੀ ਹੋ ਗਏ ਹਨ।

ਇਸ ਮਾਮਲੇ ’ਚ ਇਕ ਹੈਰਾਨੀਜਨਕ ਗੱਲ ਇਹ ਹੈ ਕਿ ਧਮਾਕੇ ਦੇ ਕੁਝ ਹੀ ਦੇਰ ਬਾਅਦ ਖਾਲਿਸਤਾਨ ਲਿਬਰੇਸ਼ਨ ਆਰਮੀ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਾਇਰਲ ਕਰ ਕੇ ਉਕਤ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ, ਜਦੋਂ ਕਿ ਪੁਲਸ ਨੇ ਇਸ ਸਾਰੇ ਮਾਮਲੇ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਫਲਾਈ ਝੂਠੀ ਅਫਵਾਹ ਦੱਸਦਿਆਂ ਕਿਹਾ ਗਿਆ ਹੈ ਕਿ ਉਕਤ ਧਮਾਕਾ ਕਿਸੇ ਗ੍ਰਨੇਡ ਦੇ ਫੱਟਣ ਨਾਲ ਨਹੀਂ ਹੋਇਆ, ਸਗੋਂ ਕਿਸੇ ਟਰੱਕ ਦਾ ਟਾਇਰ ਫਟਣ ਕਾਰਨ ਹੋਇਆ ਹੈ, ਜਿਸ ਦੌਰਾਨ ਬਜਰੀ ਵੱਜਣ ਕਾਰਨ ਉਕਤ ਔਰਤਾਂ ਜ਼ਖਮੀ ਹੋਈਆਂ ਹਨ।

ਜ਼ਖਮੀ ਹੋਈ ਸਪਨਾ ਸ਼ਰਮਾ ਪਤਨੀ ਰਮੇਸ਼ ਸ਼ਰਮਾ ਨੇ ਦੱਸਿਆ ਕਿ ਉਹ ਸਿਟੀ ਥਾਣ ਨੇੜਿਓਂ ਰਾਤ ਕਰੀਬ 8 ਵਜੇ ਲੰਘ ਰਹੀ ਸੀ। ਇਸ ਦੌਰਾਨ ਅਚਾਨਕ ਜ਼ੋਰਦਾਰ ਧਮਾਕਾ ਹੋਇਆ ਅਤੇ ਚਾਰੇ ਪਾਸੇ ਧੂੰਆਂ ਹੀ ਧੂੰਆਂ ਫੈਲ ਗਿਆ। ਇਸ ਧਮਾਕੇ ਕਾਰਨ ਉਹ ਸੜਕ ’ਤੇ ਡਿੱਗ ਪਈ, ਜਿਸ ਦੇ ਬਾਅਦ ਉਸ ਨੂੰ ਕੁਝ ਲੋਕਾਂ ਨੇ ਚੁੱਕ ਕੇ ਉਸਦੇ ਘਰ ਪਹੁੰਚਾਇਆ।

ਉਕਤ ਔਰਤ ਦੇ ਪਤੀ ਰਮੇਸ਼ ਸ਼ਰਮਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਪਤਨੀ ਘਰ ਪਹੁੰਚੀ ਤਾਂ ਉਸ ਦੇ ਸਰੀਰ ’ਚੋਂ ਵੱਖ-ਵੱਖ ਥਾਵਾਂ ਤੋਂ ਖੂਨ ਵਹਿ ਰਿਹਾ ਸੀ, ਜਿਸ ਤੋਂ ਬਾਅਦ ਉਸਦੇ ਸਰੀਰ ’ਤੇ ਛੋਟੇ-ਛੋਟੇ ਦਾਣਿਆਂ ਦੇ ਰੂਪ ’ਚ ਜ਼ਖਮ ਦਿਖਾਈ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਡਾਕਟਰਾਂ ਕੋਲੋਂ ਜਾਂਚ ਕਰਵਾਈ ਹੈ ਅਤੇ ਬੀਤੀ ਰਾਤ ਤੱਕ ਉਨ੍ਹਾਂ ਨੂੰ ਇਹੀ ਕਿਹਾ ਗਿਆ ਸੀ ਕਿ ਥਾਣੇ ਦੇ ਬਾਹਰ ਟਾਇਰ ਫਟਣ ਕਾਰਨ ਧਮਾਕਾ ਹੋਇਆ ਹੈ ਪਰ ਅੱਜ ਜਦੋਂ ਸਵੇਰੇ ਉਨ੍ਹਾਂ ਨੂੰ ਥਾਣੇ ਦੇ ਬਾਹਰ ਹੈਂਡ ਗ੍ਰਨੇਡ ਫਟਣ ਦੀਆਂ ਚਰਚਾਵਾਂ ਸੁਣਨ ਨੂੰ ਮਿਲ ਰਹੀਆਂ ਹਨ ਤਾਂ ਉਹ ਹੋਰ ਵੀ ਡਰ ਗਏ ਹਨ ਅਤੇ ਉਨ੍ਹਾਂ ਵੱਲੋਂ ਹੁਣ ਹੋਰ ਸੀਨੀਅਰ ਡਾਕਟਰਾਂ ਕੋਲੋਂ ਆਪਣੀ ਪਤਨੀ ਦਾ ਇਲਾਜ ਅਤੇ ਜਾਂਚ ਕਰਵਾਈ ਜਾ ਰਹੀ ਹੈ।

ਇਸੇ ਧਮਾਕੇ ਦੌਰਾਨ ਜ਼ਖਮੀ ਹੋਈ ਅਨੂ ਨੇ ਦੱਸਿਆ ਕਿ ਉਹ ਵੀ ਆਪਣੇ ਪਤੀ ਰਾਕੇਸ਼ ਦੇ ਨਾਲ ਥਾਣੇ ਦੇ ਨੇੜੇ ਲੰਘ ਰਹੀ ਸੀ, ਜਿਸ ਦੌਰਾਨ ਅਚਾਨਕ ਜ਼ੋਰਦਾਰ ਧਮਾਕਾ ਹੋਇਆ ਅਤੇ ਸਾਰੇ ਪਾਸੇ ਧੂੰਆਂ ਫੈਲ ਗਿਆ। ਇਸ ਦੌਰਾਨ ਕੁਝ ਬਰੀਕ ਚੀਜ਼ਾਂ ਉਨ੍ਹਾਂ ਦੇ ਮੂੰਹ ਅਤੇ ਸਰੀਰ ’ਤੇ ਵੱਜੀਆਂ। ਇਨ੍ਹਾਂ ’ਚੋਂ ਇਕ ਤਿੱਖੀ ਚੀਜ਼ ਉਨ੍ਹਾਂ ਦੇ ਪਤੀ ਰਾਕੇਸ਼ ਦੇ ਅੱਖ ’ਚ ਵੱਜ ਗਈ, ਜਿਸ ਕਾਰਨ ਰਾਕੇਸ਼ ਦਾ ਇਲਾਜ ਚੱਲ ਰਿਹਾ ਹੈ।

ਧਮਾਕੇ ਤੋਂ ਬਾਅਦ ਖਾਲਿਸਤਾਨ ਲਿਬਰੇਸ਼ਨ ਆਰਮੀ ਨੇ ਲਈ ਜਿੰਮੇਵਾਰੀ

ਇਸ ਧਮਾਕੇ ਦੇ ਕੁਝ ਹੀ ਦੇਰ ਬਾਅਦ ਖਾਲਿਸਤਾਨ ਲਿਬਰੇਸ਼ਨ ਆਰਮੀ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਾਇਰਲ ਕਰ ਕੇ ਉਕਤ ਧਮਾਕਾ ਕਰਨ ਦੀ ਜ਼ਿੰਮੇਵਾਰੀ ਲਈ। ਇਸ ਪੋਸਟ ’ਚ ਕਿਹਾ ਗਿਆ ਕਿ ਜਿੰਨੀ ਦੇਰ ਖਾਲਿਸਤਾਨ ਦੇ ਖਿਲਾਫ ਹਿੰਦੂ ਲੋਕ ਬੋਲਦੇ ਰਹਿਣਗੇ, ਉਨੀ ਦੇਰ ਥਾਣਿਆਂ ਦੇ ਬਾਹਰ ਅਜਿਹੇ ਧਮਾਕੇ ਹੁੰਦੇ ਰਹਿਣਗੇ।

ਪੁਲਿਸ ਨੇ ਸਾਰੇ ਮਾਮਲੇ ਨੂੰ ਦੱਸਿਆ ਝੂਠੀ ਅਫਵਾਹ, ਸ਼ਰਾਰਤੀ ਅਨਸਰਾਂ ਖਿਲਾਫ ਸ਼ੁਰੂ ਕੀਤੀ ਜਾਂਚ

ਉਕਤ ਸਾਰੇ ਮਾਮਲੇ ਨੂੰ ਤੱਥਾਂ ਤੋਂ ਦੂਰ ਝੂਠੀ ਅਫਵਾਹ ਦੱਸਦਿਆਂ ਗੁਰਦਾਸਪੁਰ ਪੁਲਸ ਨੇ ਦਾਅਵਾ ਕੀਤਾ ਕਿ ਇਹ ਸਾਰਾ ਪ੍ਰਚਾਰ ਸ਼ਰਾਰਤੀ ਅਨਸਰਾਂ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਐੱਸ. ਪੀ. ਡੀ. ਕੇ. ਚੌਧਰੀ ਨੇ ਇਕ ਵੀਡੀਓ ਜਾਰੀ ਕਰ ਕੇ ਕਿਹਾ ਕਿ ਉਕਤ ਧਮਾਕੇ ’ਚ ਗ੍ਰੇਨੇਡ ਫੱਟਣ ਦੀ ਕੋਈ ਵੀ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਸੋਸ਼ਲ ਮੀਡੀਆ ’ਤੇ ਕਿਸ ਨੇ ਪੋਸਟ ਵਾਇਰਲ ਕੀਤੀ ਹੈ।

ਉਨ੍ਹਾਂ ਕਿਹਾ ਧਮਾਕਾ ਜ਼ਰੂਰ ਹੋਇਆ ਹੈ ਪਰ ਇਹ ਟਾਇਰ ਫਟਣ ਕਾਰਨ ਹੋਇਆ ਸੀ, ਜਿਸ ਦੌਰਾਨ ਹੋ ਸਕਦਾ ਹੈ ਕਿ ਕਿਸੇ ਦੇ ਕੋਈ ਬੱਜਰੀ ਜਾਂ ਹੋਰ ਚੀਜ਼ ਵੱਜੀ ਹੋਵੇ ਪਰ ਅਜੇ ਤੱਕ ਪੁਲਸ ਨੂੰ ਅਧਿਕਾਰਤ ਰੂਪ ’ਚ ਕਿਸੇ ਨੇ ਵੀ ਅਜਿਹੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਕਿ ਕੋਈ ਮਹਿਲਾ ਜ਼ਖਮੀ ਹੋਈ ਹੈ।

ਉਨ੍ਹਾਂ ਕਿਹਾ ਕਿ ਬਹੁਤ ਜਲਦੀ ਸਾਰੇ ਮਾਮਲੇ ਦੀ ਸੱਚਾਈ ਦਾ ਪਤਾ ਕਰ ਲਿਆ ਜਾਵੇਗਾ ਅਤੇ ਅਫਵਾਹ ਫੈਲਾਉਣ ਵਾਲੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

Read More : ਮੁੱਖ ਮੰਤਰੀ ਵੱਲੋਂ 350ਵੇਂ ਸ਼ਹੀਦੀ ਦਿਵਸ ਮੌਕੇ ਸੂਬਾ ਪੱਧਰੀ ਖ਼ੂਨਦਾਨ ਅਤੇ ਅੰਗਦਾਨ ਮੁਹਿੰਮ ਦੀ ਸ਼ੁਰੂਆਤ

Leave a Reply

Your email address will not be published. Required fields are marked *