ਐੱਸ.ਐੱਸ.ਪੀ. ਵਰੁਣ ਸ਼ਰਮਾ ਨੇ ਘਟਨਾ ਦੀ ਕੀਤੀ ਪੁਸ਼ਟੀ; ਫੋਰੈਂਸਿਕ ਟੀਮ ਜਾਂਚ ਵਿੱਚ ਜੁੱਟੀ
ਰਾਜਪੁਰਾ, 28 ਅਪ੍ਰੈਲ: ਜ਼ਿਲ੍ਹਾ ਪਟਿਆਲਾ ਦੇ ਕਸਬਾ ਰਾਜਪੁਰਾ ਨੇੜੇ ਪਿੰਡ ਸ਼ੰਭੂ ਵਿਖੇ ਸੋਮਵਾਰ ਦੇਰ ਰਾਤ ਰੇਲਵੇ ਟਰੈਕ ਦੇ ਨੇੜੇ ਇੱਕ ਜ਼ੋਰਦਾਰ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਇਸ ਘਟਨਾ ਕਾਰਨ ਰੇਲਵੇ ਟਰੈਕ ਨੂੰ ਨੁਕਸਾਨ ਪਹੁੰਚਿਆ ਹੈ। ਧਮਾਕੇ ਦੀ ਸੂਚਨਾ ਮਿਲਦਿਆਂ ਹੀ ਪਟਿਆਲਾ ਦੇ ਐੱਸ.ਐੱਸ.ਪੀ. ਵਰੁਣ ਸ਼ਰਮਾ ਸਮੇਤ ਸੀਨੀਅਰ ਪੁਲਸ ਅਧਿਕਾਰੀ ਅਤੇ ਰੇਲਵੇ ਸੁਰੱਖਿਆ ਬਲ (ਆਰ.ਪੀ.ਐੱਫ.) ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ।
ਐੱਸ.ਐੱਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਇਹ ਇੱਕ “ਘੱਟ ਤੀਬਰਤਾ ਵਾਲਾ ਧਮਾਕਾ” ਸੀ, ਜੋ ਰਾਤ ਕਰੀਬ 10 ਵਜੇ ਮਾਲਗੱਡੀਆਂ ਲਈ ਨਿਰਧਾਰਤ ਰੇਲ ਪਟੜੀ ਦੇ ਕੋਲ ਵਾਪਰਿਆ। ਘਟਨਾ ਸਥਾਨ ਤੋਂ ਇੱਕ ਅਣਪਛਾਤੀ ਲਾਸ਼ ਵੀ ਬਰਾਮਦ ਕੀਤੀ ਗਈ ਹੈ, ਜੋ ਕਿ ਬੁਰੀ ਤਰ੍ਹਾਂ ਨੁਕਸਾਨੀ ਹੋਈ ਹਾਲਤ ਵਿੱਚ ਹੈ। ਐੱਸ.ਐੱਸ.ਪੀ. ਨੇ ਸਪੱਸ਼ਟ ਕੀਤਾ ਕਿ ਮ੍ਰਿਤਕ ਦੀ ਮੌਤ ਧਮਾਕੇ ਨਾਲ ਹੋਈ ਹੈ ਜਾਂ ਨਹੀਂ, ਇਸ ਸਬੰਧੀ ਫੋਰੈਂਸਿਕ ਮਾਹਿਰਾਂ ਦੀ ਟੀਮ ਵੱਲੋਂ ਨਮੂਨੇ ਇਕੱਠੇ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਇਸ ਘਟਨਾ ਤੋਂ ਬਾਅਦ ਪੰਜਾਬ ਤੋਂ ਦਿੱਲੀ ਜਾਣ ਵਾਲੀ ਰੇਲ ਆਵਾਜਾਈ ‘ਤੇ ਵੱਡਾ ਅਸਰ ਪਿਆ ਹੈ। ਸੁਰੱਖਿਆ ਕਾਰਨਾਂ ਨੂੰ ਮੁੱਖ ਰੱਖਦਿਆਂ ਰੇਲਵੇ ਪ੍ਰਸ਼ਾਸਨ ਨੇ ਕਈ ਟ੍ਰੇਨਾਂ ਰੱਦ ਕਰ ਦਿੱਤੀਆਂ ਹਨ, ਜਦਕਿ ਕੁਝ ਟ੍ਰੇਨਾਂ ਦੇ ਰੂਟ ਬਦਲੇ ਗਏ ਹਨ। ਰੇਲਵੇ ਅਧਿਕਾਰੀਆਂ ਮੁਤਾਬਕ ਟਰੈਕ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਹਾਲਾਤ ਆਮ ਹੋਣ ਤੋਂ ਬਾਅਦ ਹੀ ਟ੍ਰੇਨਾਂ ਦਾ ਸੰਚਾਲਨ ਮੁੜ ਬਹਾਲ ਕੀਤਾ ਜਾਵੇਗਾ।
ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਟ੍ਰੇਨ ਦੀ ਸਥਿਤੀ ਜ਼ਰੂਰ ਜਾਂਚ ਲੈਣ।
Read More : ਫੈਕਟਰੀ ਪ੍ਰਬੰਧਨ ਖਿਲਾਫ ਸੜਕਾਂ ‘ਤੇ ਉਤਰੇ ਮਜ਼ਦੂਰ, ਜੀ.ਟੀ. ਰੋਡ ‘ਤੇ ਆਵਾਜਾਈ ਠੱਪ
