ਗੁੱਸੇ ’ਚ ਆਏ ਲੋਕਾਂ ਨੇ ਮੁੱਖ ਸੜਕ ਕੀਤੀ ਜਾਮ
ਬਰਨਾਲਾ, 4 ਅਕਤੂਬਰ : ਜ਼ਿਲਾ ਬਰਨਾਲਾ ਦੇ ਕਸਬਾ ਸ਼ਹਿਣਾ ਵਿਚ ਸਾਬਕਾ ਸਰਪੰਚ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਨੂੰ ਕਿਸੇ ਵਿਅਕਤੀ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਸੁਖਵਿੰਦਰ ਸਿੰਘ ਕਲਕੱਤਾ ਦੀ ਮੌਤ ਦੀ ਖਬਰ ਸੋਸ਼ਲ ਮੀਡੀਆ ’ਤੇ ਫੈਲਦੇ ਹੀ ਵੱਡੀ ਗਿਣਤੀ ’ਚ ਉਸ ਦੇ ਸਮਰਥਕ ਮੌਕੇ ’ਤੇ ਇਕੱਠੇ ਹੋ ਗਏ। ਗੁੱਸੇ ’ਚ ਆਏ ਲੋਕਾਂ ਨੇ ਮੁੱਖ ਸੜਕ ਜਾਮ ਕਰ ਦਿੱਤੀ ਅਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਇਹ ਘਟਨਾ ਸ਼ਹਿਣਾ ਬੱਸ ਸਟੈਂਡ ’ਤੇ ਸਥਿਤ ਇਕ ਪ੍ਰਾਪਰਟੀ ਡੀਲਰ ਦੀ ਦੁਕਾਨ ’ਚ ਵਾਪਰੀ, ਜਿਸ ਵੇਲੇ ਸੁਖਵਿੰਦਰ ਦੁਕਾਨ ਅੰਦਰ ਕੁਰਸੀ ’ਤੇ ਬੈਠਾ ਸੀ, ਉਸੇ ਵੇਲੇ ਹਮਲਾਵਰ ਅੰਦਰ ਦਾਖਲ ਹੋਇਆ ਅਤੇ ਗੋਲੀਆਂ ਮਾਰ ਕੇ ਫਰਾਰ ਹੋ ਗਿਆ, ਜਦਕਿ ਸੁਖਵਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਉਸ ਵੇਲੇ ਚਰਚਾ ’ਚ ਆਇਆ ਸੀ, ਜਦੋਂ ਪੰਚਾਇਤ ਦੀ ਪਿਛਲੀ ਟਰਮ ਦੌਰਾਨ ਉਸ ਦੀ ਮਾਤਾ ਪਿੰਡ ਸ਼ਹਿਣਾ ਦੀ ਸਰਪੰਚ ਬਣੀ ਸੀ।
ਜ਼ਿਕਰਯੋਗ ਹੈ ਕਿ ਸੁਖਵਿੰਦਰ ਸਿੰਘ ਕਲਕੱਤਾ ਬਾਗੀ ਤਬੀਅਤ ਦਾ ਮਾਲਕ ਸੀ ਅਤੇ ਆਪਣੀ ਬੇਬਾਕ ਰਾਏ ਲਈ ਜਾਣਿਆ ਜਾਂਦਾ ਸੀ। ਉਹ ਅਕਸਰ ਸਮੇਂ ਦੀਆਂ ਹਕੂਮਤਾਂ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਸੋਸ਼ਲ ਮੀਡੀਆ ’ਤੇ ਵੀਡੀਓ ਕਲਿੱਪ ਪੋਸਟ ਕਰਦਾ ਰਹਿੰਦਾ ਸੀ।
ਇਸ ਤੋਂ ਇਲਾਵਾ ਕਲਕੱਤਾ ਸਿਮਰਨਜੀਤ ਸਿੰਘ ਮਾਨ ਅਤੇ ਲੱਖਾ ਸਿਧਾਣਾ ਦੀਆਂ ਸਟੇਜਾਂ ’ਤੇ ਵੀ ਸਰਗਰਮ ਰਹਿੰਦਾ ਸੀ। ਉਹ ਇਨ੍ਹਾਂ ਮੰਚਾਂ ਤੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੁੜੇ ਮੁੱਦਿਆਂ ’ਤੇ ਹਕੂਮਤਾਂ ਦੇ ਖਿਲਾਫ ਜ਼ੋਰ-ਸ਼ੋਰ ਨਾਲ ਆਪਣੀ ਆਵਾਜ਼ ਬੁਲੰਦ ਕਰਦਾ ਸੀ।
ਰੰਜਿਸ਼ ਤੇ ਪੁਲਸ ਦੀ ਜਾਂਚ
ਸੁਖਵਿੰਦਰ ’ਤੇ ਹਮਲਾ ਕਰਨ ਵਾਲੇ ਨੌਜਵਾਨ ਸਬੰਧੀ ਭਾਵੇਂ ਕਿ ਪੁਲਸ ਨੇ ਅਧਿਕਾਰਤ ਤੌਰ ’ਤੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਆਫ ਦਿ ਰਿਕਾਰਡ ਸੂਤਰਾਂ ਤੋਂ ਇਹ ਸਾਹਮਣੇ ਆ ਰਿਹਾ ਹੈ ਕਿ ਹਮਲਾਵਰ ਨੌਜਵਾਨ ਪਿੰਡ ਸ਼ਹਿਣਾ ਨਾਲ ਹੀ ਸਬੰਧਤ ਹੈ।
ਮੁੱਢਲੀ ਜਾਣਕਾਰੀ ਅਨੁਸਾਰ ਲੰਘੇ ਸਮੇਂ ਦੌਰਾਨ ਕਥਿਤ ਹਮਲਾਵਰ ਦੀ ਸੁਖਵਿੰਦਰ ਸਿੰਘ ਨਾਲ ਚੰਗੀ ਨੇੜਤਾ ਸੀ ਪਰ ਕੁਝ ਸਮਾਂ ਪਹਿਲਾਂ ਦੋਵਾਂ ਵਿਚਕਾਰ ਕੁੜੱਤਣ ਪੈਦਾ ਹੋ ਗਈ ਸੀ। ਪੁਲਸ ਇਸ ਰੰਜਿਸ਼ ਦੇ ਪਹਿਲੂ ਤੋਂ ਵੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਖਬਰ ਲਿਖੇ ਜਾਣ ਤੱਕ ਕਸਬਾ ਸ਼ਹਿਣਾ ਦਾ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ, ਜਿੱਥੇ ਵੱਡੀ ਗਿਣਤੀ ’ਚ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ।
ਮੰਗਾਂ ਮੰਨੇ ਜਾਣ ਤੱਕ ਦੇਹ ਨਾ ਚੁੱਕਣ ਦਾ ਐਲਾਨ
ਧਰਨੇ ’ਤੇ ਬੈਠੇ ਲੋਕਾਂ ਨੇ ਸਖਤ ਰੁਖ ਅਖਤਿਆਰ ਕਰਦੇ ਹੋਏ ਮੰਗ ਕੀਤੀ ਹੈ ਕਿ ਹਮਲਾਵਰ ਨਸ਼ੇ ਦਾ ਆਦੀ ਹੈ ਅਤੇ ਇਸ ਕਤਲ ਨੂੰ ਕਿਸ ਦੀ ਸ਼ਹਿ ’ਤੇ ਅੰਜਾਮ ਦਿੱਤਾ ਗਿਆ ਹੈ, ਇਸ ਦਾ ਪੂਰੀ ਤਰ੍ਹਾਂ ਖੁਲਾਸਾ ਕੀਤਾ ਜਾਵੇ। ਸਮਰਥਕਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਇਸ ਸਾਜ਼ਿਸ਼ ਦਾ ਪੂਰੀ ਤਰ੍ਹਾਂ ਪਰਦਾਫਾਸ਼ ਨਹੀਂ ਕੀਤਾ ਜਾਂਦਾ, ਉਹ ਮ੍ਰਿਤਕ ਦੇਹ ਨੂੰ ਕਿਸੇ ਨੂੰ ਹੱਥ ਨਹੀਂ ਲਗਾਉਣ ਦੇਣਗੇ ਅਤੇ ਨਾ ਹੀ ਦੇਹ ਦਾ ਪੋਸਟਮਾਰਟਮ ਹੋਣ ਦੇਣਗੇ।
ਉਨ੍ਹਾਂ ਦੀ ਮੰਗ ਹੈ ਕਿ ਮ੍ਰਿਤਕ ਦੇਹ ਨੂੰ ਚੁੱਕਣ ਤੋਂ ਪਹਿਲਾਂ ਦੋਸ਼ੀਆਂ ਦੇ ਨਾਂ ਜਨਤਕ ਕੀਤੇ ਜਾਣ। ਪੁਲਸ ਪ੍ਰਸ਼ਾਸਨ ਇਸ ਸਮੇਂ ਲੋਕਾਂ ਨੂੰ ਸ਼ਾਂਤ ਕਰਨ ਅਤੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
Read More : ਹਾਈ ਕੋਰਟ ਨੇ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਨੂੰ ਲਾਇਆ ਇਕ ਲੱਖ ਰੁਪਏ ਜੁਰਮਾਨਾ