ਅੰਮ੍ਰਿਤਸਰ, 27 ਦਸੰਬਰ: ਜ਼ਿਲਾ ਅੰਮ੍ਰਿਤਸਰ ਦੇ ਥਾਣਾ ਛੇਹਾਰਟਾ ਅਧੀਨ ਆਉਂਦੇ ਇਲਾਕੇ ‘ਚ ਪੁਲਿਸ ਅਤੇ ਇਕ ਬਦਮਾਸ਼ ਵਿਚਾਲੇ ਮੁਕਾਬਲਾ ਹੋਇਆ, ਜਿਸ ਦੌਰਾਨ ਮੁਲਜ਼ਮ ਜ਼ਖਮੀ ਹੋ ਗਿਆ।
ਇਸ ਸਬੰਧੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਮੌਕੇ ’ਤੇ ਪਹੁੰਚੇ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਦਿਨੀਂ ਰਾਮਦਾਸ ਕਾਲੋਨੀ ਦੇ ਰਹਿਣ ਵਾਲੇ ਜਸਪਾਲ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਅੰਮ੍ਰਿਤਪਾਲ ਸਿੰਘ ਉਰਫ਼ ਰੋਨੀ ਅਤੇ ਉਸਦੇ ਸਾਥੀ ਹਰਪ੍ਰੀਤ ਨਿਆਣਾ ਨੇ XUV ਕਾਰ ‘ਚ ਆ ਕੇ ਉਨ੍ਹਾਂ ਨੂੰ ਮਾਰਨ ਦੀ ਨੀਅਤ ਨਾਲ ਦੋ ਫਾਇਰ ਕੀਤੇ।
ਇਸ ਹਮਲੇ ਦੌਰਾਨ ਜਸਪਾਲ ਸਿੰਘ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਭੱਜਣ ‘ਚ ਕਾਮਯਾਬ ਰਿਹਾ, ਹਾਲਾਂਕਿ ਉਸਦੀ ਲੱਤ ‘ਚ ਗੋਲੀ ਲੱਗੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਉਰਫ਼ ਰੋਨੀ (25 ਸਾਲ) ਡਿਲੀਵਰੀ ਬੋਏ ਦਾ ਕੰਮ ਕਰਦਾ ਸੀ, ਉਸਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਮੁਤਾਬਕ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ ਹੀਰੋਇਨ ਦੀ ਕਮਰਸ਼ੀਅਲ ਮਾਤਰਾ ਦਾ ਕੇਸ ਦਰਜ ਹੈ।
ਹਥਿਆਰ ਦੀ ਬਰਾਮਦਗੀ ਲਈ ਮੁਲਜ਼ਮ ਨੂੰ ਮੜੀਆਂ ਰੋਡ ਛੇਹਰਟਾ ਨੇੜੇ ਗਾਰਬੇਜ ਡੰਪਿੰਗ ਸਾਈਟ ’ਤੇ ਲਿਜਾਇਆ, ਜਿੱਥੇ ਉਨ੍ਹਾਂ ਨੇ 30 ਬੋਰ ਦਾ ਲੋਡਡ ਪਿਸਟਲ ਕੱਢ ਕੇ ਕਥਿਤ ਤੌਰ ‘ਤੇ ਪੁਲਿਸ ਟੀਮ ’ਤੇ ਫਾਇਰ ਕਰ ਦਿੱਤਾ। ਪੁਲਿਸ ਵੱਲੋਂ ਪਹਿਲਾਂ ਚੇਤਾਵਨੀ ਦਿੱਤੀ, ਪਰ ਸੈਲਫ ਡਿਫੈਂਸ ‘ਚ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਜ਼ਖ਼ਮੀ ਕਰ ਕੇ ਕਾਬੂ ਕਰ ਲਿਆ।
ਪੁਲਿਸ ਨੇ ਫਾਇਰਿੰਗ ‘ਚ ਵਰਤੀ ਐਕਸੀਬੀ ਗੱਡੀ ਵੀ ਬਰਾਮਦ ਕਰ ਲਈ ਹੈ। ਦੂਜਾ ਮੁਲਜ਼ਮ ਹਰਪ੍ਰੀਤ ਨਿਆਣਾ ਫ਼ਰਾਰ ਹੈ, ਜਿਸਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਪੁਲਿਸ ਕਮਿਸ਼ਨਰ ਨੇ ਸਾਫ਼ ਕੀਤਾ ਕਿ ਰਿਹਾਇਸ਼ੀ ਇਲਾਕਿਆਂ ‘ਚ ਫਾਇਰਿੰਗ ਵਰਗੇ ਜੁਰਮਾਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਾਰੇ ਮੁਲਜ਼ਮ ਨੂੰ ਕਾਨੂੰਨ ਦੇ ਕਟਘਰੇ ‘ਚ ਲਿਆਂਦਾ ਜਾਵੇਗਾ।
Read More : ਪੁਲਸ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 41,881 ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ
