ਫਤਿਹਗੜ੍ਹ ਚੂੜੀਆਂ, 12 ਅਕਤੂਬਰ : ਜ਼ਿਲਾ ਗੁਰਦਾਸਪੁਰ ਦੇ ਬਲਾਕ ਫਤਿਹਗੜ੍ਹ ਚੂੜੀਆਂ ਦੇ ਪਿੰਡ ਡੁੱਲਟ ਦੇ ਇਕ ਕਿਸਾਨ ਵੱਲੋਂ ਕਰਜ਼ੇ ਤੋਂ ਦੁਖੀ ਹੋ ਕੇ ਆਤਮ ਹੱਤਿਆ ਕਰ ਲਈ ਗਈ।
ਇਸ ਸਬੰਧੀ ਥਾਣਾ ਘਣੀਏ-ਕੇ-ਬਾਂਗਰ ਦੇ ਐੱਸ. ਆਈ. ਨਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਵੱਸਣ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਡੁੱਲਟ ਨੇ ਲਿਖਵਾਇਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਉਸਦੇ ਭਰਾ ਸੁਲੱਖਣ ਸਿੰਘ ਨੇ ਆਪਣੀ ਜ਼ਮੀਨ ਦੀ ਲਿਮਟ ਬਣਾਈ ਹੋਈ ਸੀ ਅਤੇ ਹੋਰ ਵੀ ਕਾਫੀ ਕਰਜ਼ਾ ਲਿਆ ਹੋਇਆ ਸੀ, ਜਿਸ ਕਰਕੇ ਇਹ ਕਰਜ਼ੇ ਦੇ ਚਲਦਿਆਂ ਪ੍ਰੇਸ਼ਾਨ ਰਹਿੰਦਾ ਸੀ।
ਉਕਤ ਬਿਆਨਕਰਤਾ ਮੁਤਾਬਕ ਬੀਤੀ 10 ਅਕਤੂਬਰ ਨੂੰ ਸਵੇਰੇ ਸੁਲੱਖਣ ਸਿੰਘ ਘਰੋਂ ਬਿਨਾਂ ਦੱਸੇ ਕਿਧਰੇ ਚਲਾ ਗਿਆ, ਜਿਸ ਦੀ ਅਸੀਂ ਕਾਫੀ ਭਾਲ ਕੀਤੀ ਤਾਂ ਸ਼ਾਮ ਸਮੇਂ ਪਤਾ ਲੱਗਾ ਕਿ ਮੇਰੇ ਉਕਤ ਭਰਾ ਨੇ ਘਰ ਵਿਚ ਪਿੰਡ ਦੀਆਂ ਮੜੀਆਂ ਵਿਚ ਆਪਣੇ ਪਰਨੇ ਨਾਲ ਦਰੱਖਤ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ ਹੈ ਅਤੇ ਅਜਿਹਾ ਉਕਤ ਨੇ ਤੰਗੀ ਅਤੇ ਕਰਜ਼ੇ ਤੋਂ ਦੁਖੀ ਹੋ ਕੇ ਕੀਤਾ ਹੈ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਮ੍ਰਿਤਕ ਦੇ ਭਰਾ ਵੱਸਣ ਸਿੰਘ ਦੇ ਬਿਆਨ ’ਤੇ ਉਪਰੋਕਤ ਥਾਣੇ ਵਿਚ 194 ਬੀ. ਐੱਨ. ਐੱਸ. ਐੱਸ. ਤਹਿਤ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ।
Read More : ਪੁਲਿਸ ਮੁਕਾਬਲੇ ਵਿਚ ਬੰਬੀਹਾ ਗੈਂਗ ਦੇ 2 ਸ਼ਾਰਪਸ਼ੂਟਰ ਗ੍ਰਿਫ਼ਤਾਰ