Gurjant Singh

ਦੁਬਈ ਤੋਂ 30 ਸਾਲਾ ਨੌਜਵਾਨ ਦੀ ਮ੍ਰਿਤਕਦੇਹ ਅੰਮ੍ਰਿਤਸਰ ਪੁੱਜੀ

ਦਿਮਾਗ ਦੀ ਨਾੜੀ ਫ਼ਟਣ ਕਾਰਨ 24 ਜੁਲਾਈ ਨੂੰ ਹੋ ਗਈ ਸੀ ਮੌਤ

ਅੰਮ੍ਰਿਤਸਰ, 28 ਜੁਲਾਈ : ਅੰਮ੍ਰਿਤਸਰ ਜ਼ਿਲੇ ਦੇ ਕਸਬਾ ਮਜੀਠਾ ਨੇੜਲੇ ਪਿੰਡ ਭੰਗਵਾਂ ਨਾਲ ਸਬੰਧਤ 30 ਸਾਲਾ ਨੌਜਵਾਨ ਗੁਰਜੰਟ ਸਿੰਘ ਪੁੱਤਰ ਪਿਆਰਾ ਸਿੰਘ ਦੀ ਮ੍ਰਿਤਕਦੇਹ ਦੇਰ ਰਾਤ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪੁੱਜਣ ਉਪਰੰਤ ਸਰਬੱਤ ਦਾ ਭਲਾ ਟਰੱਸਟ ਦੀ ਮੁਫ਼ਤ ਐਂਬੂਲੈਂਸ ਸੇਵਾ ਰਾਹੀਂ ਉਸ ਦੇ ਘਰ ਭੇਜਿਆ ਗਿਆ।

ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ. ਪੀ. ਸਿੰਘ ਓਬਰਾਏ ਨੇ ਦੱਸਿਆ ਗੁਰਜੰਟ ਵੀ ਹੋਰਨਾਂ ਨੌਜਵਾਨਾਂ ਵਾਂਗ ਆਪਣੇ ਪਰਿਵਾਰ ਦੇ ਬਿਹਤਰ ਭਵਿੱਖ ਲਈ ਕਰੀਬ ਪਿਛਲੇ 6 ਸਾਲਾਂ ਤੋਂ ਦੁਬਈ ਵਿਖੇ ਮਿਹਨਤ ਮਜ਼ਦੂਰੀ ਕਰ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਪਰਿਵਾਰ ਵੱਲੋਂ ਦੱਸਣ ਮੁਤਾਬਿਕ ਸਿਹਤ ਖਰਾਬ ਹੋਣ ਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਦਿਮਾਗ ਦੀ ਨਾੜੀ ਫ਼ਟਣ ਕਾਰਨ ਬੀਤੀ 24 ਜੁਲਾਈ ਨੂੰ ਉਸਦੀ ਮੌਤ ਹੋ ਗਈ ਸੀ।

ਉਨ੍ਹਾਂ ਦੱਸਿਆ ਕਿ ਬੀਤੀ ਦੇਰ ਰਾਤ ਅੰਮ੍ਰਿਤਸਰ ਹਵਾਈ ਅੱਡੇ ਤੋਂ ਮ੍ਰਿਤਕ ਸਰੀਰ ਪੀੜ੍ਹਤ ਪਰਿਵਾਰ ਦੀ ਹਾਜ਼ਰੀ ’ਚ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਮਨਪ੍ਰੀਤ ਸੰਧੂ ਚਮਿਆਰੀ ਅਤੇ ਜ਼ਿਲਾ ਮੀਤ ਪ੍ਰਧਾਨ ਹਰਜਿੰਦਰ ਸਿੰਘ ਹੇਰ ਵੱਲੋਂ ਪ੍ਰਾਪਤ ਕਰਕੇ ਟਰੱਸਟ ਦੀ ‘ਮੁਫ਼ਤ ਐਂਬੂਲੈਂਸ ਸੇਵਾ’ ਰਾਹੀਂ ਉਸ ਦੇ ਘਰ ਤੱਕ ਭੇਜਿਆ ਗਿਆ ਹੈ।

ਇਸ ਦੌਰਾਨ ਹਵਾਈ ਅੱਡੇ ’ਤੇ ਮੌਜੂਦ ਮ੍ਰਿਤਕ ਦੇ ਜੀਜਾ ਜਗਦੀਪ ਸਿੰਘ, ਸੁਖਵਿੰਦਰ ਸਿੰਘ ਤੇ ਜੁਗਰਾਜ ਸਿੰਘ, ਚਾਚਾ ਮਨਜੀਤ ਸਿੰਘ, ਮਾਮਾ ਗੁਰਜੀਤ ਸਿੰਘ, ਚਚੇਰੇ ਭਰਾ ਅਜ਼ਮੇਰ ਸਿੰਘ, ਬਲਜਿੰਦਰ ਸਿੰਘ, ਨਿਸ਼ਾਨ ਸਿੰਘ ਤੇ ਬਲਵਿੰਦਰ ਸਿੰਘ ਆਦਿ ਨੇ ਡਾ. ਐੱਸ. ਪੀ. ਸਿੰਘ ਓਬਰਾਏ ਦਾ ਇਸ ਔਖੀ ਘੜੀ ਵੇਲੇ ਵੱਡੀ ਮਦਦ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ।

Read More : ਸਰੋਵਰ ’ਚ ਇਸ਼ਨਾਨ ਕਰਨ ਮੌਕੇ ਨੌਜਵਾਨ ਦੀ ਡੁੱਬਣ ਨਾਲ ਮੌਤ

Leave a Reply

Your email address will not be published. Required fields are marked *