5 ਕਿਲੋ ਹੈਰੋਇਨ, 1.6 ਕਿਲੋ ਆਈਸੀਈ, 6.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ
ਮੋਹਾਲੀ, 27ਨਵੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਇੱਕ ਵੱਡੀ ਸਫਲਤਾ ਵਿੱਚ ਪੰਜਾਬ ਪੁਲਿਸ ਦੀ ਨਸ਼ਾ ਵਿਰੋਧੀ ਟਾਸਕ ਫੋਰਸ (ਏ.ਐੱਨ.ਟੀ.ਐੱਫ.) ਨੇ ਖਰੜ ਤੋਂ ਇੱਕ ਨਸ਼ਾ ਸਮੱਗਲਰ ਨੂੰ 5.084 ਕਿਲੋ ਹੈਰੋਇਨ, 1.681 ਕਿਲੋ ਆਈਸੀਈ (ਮੈਥਾਮਫੇਟਾਮਾਈਨ) ਅਤੇ 6,50,000 ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕਰਕੇ ਨਸ਼ਾ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ।
ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਦੱਸਣਯੋਗ ਹੈ ਕਿ ਇਹ ਕਾਰਵਾਈ ਏ.ਐੱਨ.ਟੀ.ਐੱਫ. ਰੂਪਨਗਰ ਰੇਂਜ ਦੁਆਰਾ ਕੀਤੀ ਗਈ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਤਰਨਤਾਰਨ ਦੇ ਗੋਇੰਦਵਾਲ ਸਾਹਿਬ ਦੇ ਰਹਿਣ ਵਾਲੇ ਆਕਾਸ਼ਦੀਪ ਸਿੰਘ ਵਜੋਂ ਹੋਈ ਹੈ।
ਨਸ਼ਿਆਂ ਦੀ ਖੇਪ ਤੇ ਡਰੱਗ ਮਨੀ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਇਕ ਚਮੜੇ ਦਾ ਬੈਗ ਅਤੇ ਤੋਲ ਵਾਲੀਆਂ 2 ਇਲੈਕਟ੍ਰਾਨਿਕ ਮਸ਼ੀਨਾਂ ਵੀ ਬਰਾਮਦ ਕੀਤੀਆਂ ਹਨ ਅਤੇ ਉਸਦੀ ਚਿੱਟੀ ਸ਼ੈਵਰਲੈਟ ਕਰੂਜ਼ ਕਾਰ (ਡੀ.ਐੱਲ 82 ਏਪੀ 9522) ਨੂੰ ਵੀ ਜ਼ਬਤ ਕਰ ਲਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਵਿਚ ਗ੍ਰਿਫ਼ਤਾਰ ਮੁਲਜ਼ਮ ਦੇ ਮੁੱਖ ਹੈਂਡਲਰ ਨਾਲ ਸਬੰਧਾਂ ਦਾ ਖੁਲਾਸਾ ਹੋਇਆ ਹੈ, ਜੋ ਟ੍ਰਾਈਸਿਟੀ ਵਿੱਚ ਨਸ਼ਿਆਂ ਦੀ ਖੇਪ ਦੀ ਡਲਿਵਰੀ ਅਤੇ ਵੰਡ ਦਾ ਕੰਮ ਦੇਖਦਾ ਹੈ। ਡੀਜੀਪੀ ਨੇ ਕਿਹਾ ਕਿ ਸਮੁੱਚੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਜਾਂਚ ਜਾਰੀ ਹੈ।
ਏ.ਆਈ.ਜੀ. ਏ.ਐੱਨ.ਟੀ.ਐੱਫ. ਰੂਪਨਗਰ ਰੇਂਜ ਏ.ਐੱਸ. ਔਲਖ ਨੇ ਕਿਹਾ ਕਿ ਪੁਲਿਸ ਨੂੰ ਮੁਲਜ਼ਮ ਅਤੇ ਉਸਦੇ ਸਾਥੀਆਂ ਬਾਰੇ ਵਿਸ਼ੇਸ਼ ਖੁਫੀਆ ਜਾਣਕਾਰੀ ਮਿਲਣ ਕਿ ਉਕਤ ਮੁਲਜ਼ਮਾਂ ਨੇ ਨਸ਼ਿਆਂ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ ਹੈ ਅਤੇ ਉਹ ਖਰੜ ਦੇ ਨੇਚਰ ਹੱਟ 3 ਦੇ ਇੱਕ ਫਲੈਟ ਵਿੱਚ ਲੁਕੇ ਹੋਏ ਹਨ। ਡੀ.ਐੱਸ.ਪੀ. ਏ.ਐੱਨ.ਟੀ.ਐੱਫ. ਯੋਗੇਸ਼ ਕੁਮਾਰ ਦੀ ਅਗਵਾਈ ਵਿਚ ਇਕ ਏ.ਐੱਨ.ਟੀ.ਐੱਫ.ਟੀਮ ਨੇ ਉਕਤ ਫਲੈਟ ‘ਤੇ ਛਾਪਾ ਮਾਰਿਆ।
ਇਸ ਦੌਰਾਨ ਪੁਲਿਸ ਟੀਮਾਂ ਨੇ ਸ਼ੱਕੀ ਆਕਾਸ਼ਦੀਪ ਨੂੰ ਗ੍ਰਿਫ਼ਤਾਰ ਕੀਤਾ, ਜਦੋਂ ਕਿ ਉਸਦੇ 2 ਸਾਥੀ ਫਲੈਟ ਦੀ ਬਾਲਕੋਨੀ ਤੋਂ ਨਾਲ ਲੱਗਦੇ ਖਾਲੀ ਪਲਾਟ ਵਿਚ ਛਾਲ ਮਾਰ ਕੇ ਭੱਜ ਗਏ। ਫਰਾਰ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਸਬੰਧੀ ਥਾਣਾ ਕੇਸ ਏਐਨਟੀਐਫ ਮੋਹਾਲੀ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21-ਸੀ ਅਤੇ 29 ਤਹਿਤ ਐਫਆਈਆਰ ਨੰਬਰ 305 ਮਿਤੀ 24-11-2025 ਦਰਜ ਕੀਤਾ ਗਿਆ ਹੈ।
Read More : ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਇੰਚਾਰਜ ਐਲਾਨੇ
