-ਪਟਿਆਲਾ-ਪਟੜਾਂ ਸਟੇਟ ਹਾਈਵੇਅ ਨੰਬਰ 10 ਨੂੰ ਚਾਰ ਲੇਨ ਕਰਨ ਦੀ ਮੰਗ
ਪਟਿਆਲਾ, 23 ਜੁਲਾਈ : ਪਟਿਆਲਾ ਦੇ ਐੱਮ. ਪੀ. ਡਾ. ਧਰਮਵੀਰ ਗਾਂਧੀ ਨੇ ਭਾਰਤ ਸਰਕਾਰ ਦੇ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪਟਿਆਲਾ ਤੋਂ ਪਟੜਾਂ ਤੱਕ ਸਟੇਟ ਹਾਈਵੇ ਨੰਬਰ 10 ਨੂੰ ਚਾਰ ਲੇਨ ਬਣਾਉਣ ਦੀ ਮੰਗ ਕੀਤੀ, ਜੋ ਕਿ ਖੇਤਰੀ ਆਵਾਜਾਈ ਅਤੇ ਆਰਥਿਕ ਵਿਕਾਸ ਲਈ ਬਹੁਤ ਜ਼ਰੂਰੀ ਹੈ।
ਡਾ. ਗਾਂਧੀ ਨੇ ਸੜਕ ’ਤੇ ਵਧ ਰਹੀ ਗੱਡੀਆਂ ਦੀ ਭੀੜ ਅਤੇ ਦੁਰਘਟਨਾਵਾਂ ਦੇ ਖਤਰੇ ਬਾਰੇ ਮੰਤਰੀ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਮੌਜੂਦਾ ਦੋ ਲੇਨ ਰਸਤਾ ਖੇਤਰ ਦੀ ਵਿਕਾਸ ਦੀ ਗਤੀ ’ਚ ਰੁਕਾਵਟ ਬਣ ਰਿਹਾ ਹੈ।
ਕੈਬਨਿਟ ਮੰਤਰੀ ਨਿਤਿਨ ਗਡਕਰੀ ਨੇ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੀ ਅਤੇ ਸਪੱਸ਼ਟ ਕੀਤਾ ਕਿ ਹੁਣ ਕੇਂਦਰ ਸਰਕਾਰ ਸਿੱਧਾ ਸਟੇਟ ਹਾਈਵੇਅਜ਼ ਨੂੰ ਆਪਣੇ ਹੇਠਾਂ ਨਹੀਂ ਲੈਂਦੀ। ਹੁਣ ਨਵੇਂ ਨਿਯਮਾਂ ਅਨੁਸਾਰ ਰਾਜ ਸਰਕਾਰ ਵੱਲੋਂ ਸਿਫਾਰਿਸ਼ ਆਉਣ ’ਤੇ ਹੀ ਉਹ ਸਟੇਟ ਹਾਈਵੇਅਜ਼ ਨੂੰ ਕੇਂਦਰੀ ਯੋਜਨਾਵਾਂ ’ਚ ਸ਼ਾਮਲ ਕਰ ਸਕਦੇ ਹਨ।
ਇਸ ’ਤੇ ਡਾ. ਗਾਂਧੀ ਨੇ ਭਰੋਸਾ ਦਿੱਤਾ ਕਿ ਉਹ ਪੰਜਾਬ ਸਰਕਾਰ ਕੋਲੋਂ ਲੋੜੀਂਦੀ ਸਿਫਾਰਿਸ਼ ਕਰਵਾਉਣ ਲਈ ਕੋਸ਼ਿਸ਼ ਕਰਨਗੇ ਤਾਂ ਜੋ ਇਹ ਹਾਈਵੇ ਕੇਂਦਰੀ ਯੋਜਨਾ ’ਚ ਸ਼ਾਮਲ ਹੋ ਸਕੇ। ਇਹ ਮੁਲਾਕਾਤ ਪਟਿਆਲਾ ਖੇਤਰ ਦੀ ਆਵਾਜਾਈ ਅਤੇ ਵਿਕਾਸ ਲਈ ਇਕ ਮਹੱਤਵਪੂਰਨ ਪੈਗ਼ਾਮ ਹੈ।
Read More : ਦੋਸਤ ਦੇ ਘਰ ਗਏ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ