ਨਿਊਯਾਰਕ, 12 ਜਨਵਰੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ਉੱਤੇ ਆਪਣੀ ਇਕ ਤਸਵੀਰ ਸਾਂਝੀ ਕੀਤੀ ਅਤੇ ਖੁਦ ਨੂੰ ‘ਵੈਨੇਜ਼ੁਏਲਾ ਦਾ ਕਾਰਜਕਾਰੀ ਰਾਸ਼ਟਰਪਤੀ’ ਦੱਸਿਆ।
‘ਟਰੂਥ ਸੋਸ਼ਲ’ ਉੱਤੇ ਐਤਵਾਰ ਨੂੰ ਸਾਂਝੀ ਕੀਤੀ ਗਈ ਤਸਵੀਰ ਟਰੰਪ ਦੀ ਅਧਿਕਾਰਤ ‘ਤਸਵੀਰ’ ਹੈ ਅਤੇ ਉਸ ਵਿਚ ਉਨ੍ਹਾਂ ਦਾ ਅਹੁਦਾ ‘ਵੈਨੇਜ਼ੁਏਲਾ ਦੇ ਕਾਰਜਕਾਰੀ ਰਾਸ਼ਟਰਪਤੀ’ ਅਤੇ ‘ਜਨਵਰੀ 2026 ਤੋਂ ਮੌਜੂਦਾ ਰਾਸ਼ਟਰਪਤੀ’ ਲਿਖਿਆ ਗਿਆ ਹੈ।
ਇਸ ਤਸਵੀਰ ਵਿਚ ਟਰੰਪ ਨੂੰ ਅਮਰੀਕਾ ਦਾ 45ਵਾਂ ਅਤੇ 47ਵਾਂ ਰਾਸ਼ਟਰਪਤੀ ਦੱਸਿਆ ਗਿਆ ਹੈ, ਜਿਨ੍ਹਾਂ ਨੇ 20 ਜਨਵਰੀ 2025 ਨੂੰ ਅਹੁਦਾ ਸੰਭਾਲਿਆ ਸੀ। ਇਸ ਮਹੀਨੇ ਦੀ ਸ਼ੁਰੂਆਤ ਵਿਚ ਅਮਰੀਕਾ ਨੇ ਵੈਨੇਜ਼ੁਏਲਾ ਉੱਤੇ ਇਕ ਵੱਡਾ ਹਮਲਾ ਕੀਤਾ ਸੀ ਅਤੇ ਉੱਥੋਂ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਸਿਲਿਆ ਫਲੋਰੇਸ ਨੂੰ ਨਿਊਯਾਰਕ ਲਿਜਾਇਆ ਗਿਆ, ਜਿੱਥੇ ਉਨ੍ਹਾਂ ’ਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੀ ਸਾਜ਼ਿਸ਼ ਦੇ ਦੋਸ਼ ਵਿਚ ਮੁਕੱਦਮਾ ਚਲਾਇਆ ਜਾ ਰਿਹਾ ਹੈ।
ਟਰੰਪ ਨੇ ਕਿਹਾ ਸੀ ਕਿ ਅਮਰੀਕਾ ‘ਵੈਨੇਜ਼ੁਏਲਾ ਦਾ ਸੰਚਾਲਨ ਉਦੋਂ ਤੱਕ ਕਰੇਗਾ, ਜਦੋਂ ਤੱਕ ਅਸੀਂ ਇਕ ਸੁਰੱਖਿਅਤ, ਉਚਿਤ ਅਤੇ ਸੂਝਵਾਨ ਸੱਤਾ ਤਬਦੀਲੀ ਨਹੀਂ ਕਰ ਲੈਂਦੇ। ਅਸੀਂ ਇਹ ਖ਼ਤਰਾ ਮੁੱਲ ਨਹੀਂ ਲੈ ਸਕਦੇ ਕਿ ਕੋਈ ਅਜਿਹਾ ਵਿਅਕਤੀ ਵੈਨੇਜ਼ੁਏਲਾ ਦੀ ਵਾਗਡੋਰ ਸੰਭਾਲੇ, ਜਿਸ ਦੇ ਮਨ ਵਿਚ ਵੈਨੇਜ਼ੁਏਲਾ ਵਾਸੀਆਂ ਦੇ ਹਿੱਤ ਨਾ ਹੋਣ।’
Read More : ਮਠਿਆਈ ਦੀ ਦੁਕਾਨ ’ਤੇ ਅੰਨ੍ਹੇਵਾਹ ਫਾਇਰਿੰਗ
