ਕਮਿਸ਼ਨਰ ਨੂੰ ਸੌਂਪਿਆ ਸੁਸਾਈਡ ਨੋਟ
ਲੁਧਿਆਣਾ, 18 ਅਕਤੂਬਰ : ਨਗਰ ਨਿਗਮ ਜ਼ੋਨ ਬੀ ’ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਬਦਲੀ ਤੋਂ ਪ੍ਰੇਸ਼ਾਨ ਹੋ ਕੇ ਇਕ ਮਹਿਲਾ ਮੁਲਾਜ਼ਮ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਔਰਤ ਨੇ ਦੋਸ਼ ਲਾਇਆ ਕਿ ਉਹ ਲੰਬੇ ਸਮੇਂ ਤੋਂ ਜ਼ੋਨ ਬੀ ’ਚ ਕੰਮ ਕਰ ਰਹੀ ਹੈ ਪਰ ਇਕ ਹੋਰ ਮੁਲਾਜ਼ਮ ਨੇ ਸਿਆਸੀ ਦਬਾਅ ਕਾਰਨ ਉਸ ਦੀ ਬਦਲੀ ਕਰਵਾ ਦਿੱਤੀ।
ਇਸ ਸਬੰਧੀ ਅਫਸਰਾਂ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋਈ ਤਾਂ ਉਸ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਿਆ। ਹਾਲਾਂਕਿ ਬਾਕੀ ਮੁਲਾਜ਼ਮਾਂ ਨੇ ਉਕਤ ਮਹਿਲਾ ਮੁਲਾਜ਼ਮ ਨੂੰ ਸੁਸਾਈਡ ਕਰਨ ਤੋਂ ਰੋਕ ਲਿਆ। ਇਸ ਤੋਂ ਬਾਅਦ ਉਕਤ ਔਰਤ ਨੇ ਮੁਲਾਜ਼ਮ ਯੂਨੀਅਨ ਦੇ ਨੇਤਾਵਾਂ ਨਾਲ ਕਮਿਸ਼ਨਰ ਆਦਿੱਤਿਆ ਨੂੰ ਮਿਲ ਕੇ ਸੁਸਾਈਡ ਨੋਟ ਸੌਂਪਿਆ।
ਵਿਪਨ ਕਲਿਆਣ ਨੇ ਦੋਸ਼ ਲਾਇਆ ਕਿ ਇਹ ਹਾਲਾਤ ਚੀਫ ਸੈਨੇਟਰੀ ਇੰਸਪੈਕਟਰ ਅਮੀਰ ਸਿੰਘ ਬਾਜਵਾ ਅਤੇ ਰਵੀ ਡੋਗਰਾ ਦੀ ਮਨਮਰਜ਼ੀ ਕਾਰਨ ਪੈਦਾ ਹੋਏ ਹਨ, ਜਿਸ ਦੇ ਸਬੂਤ ਵਜੋਂ ਇਕ ਹੀ ਦਿਨ ’ਚ ਪਾਸ ਕੀਤੇ ਟਰਾਂਸਫਰ ਆਰਡਰ ਦੀ ਕਾਪੀ ਪੇਸ਼ ਕੀਤੀ ਗਈ।
ਉਕਤ ਔਰਤ ਮੁਲਾਜ਼ਮ ਨੇ ਦਲਿਤ ਹੋਣ ਕਾਰਨ ਉਸ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਨ ਦਾ ਦੋਸ਼ ਲਾਇਆ। ਹਾਲਾਂਕਿ ਇਸ ਵਿਵਾਦ ਨੂੰ ਖਤਮ ਕਰਵਾਉਣ ਲਈ ਕਮਿਸ਼ਨਰ ਨੇ ਦੂਜੀ ਮਹਿਲਾ ਮੁਲਾਜ਼ਮ ਦੀ ਜ਼ੋਨ ਬੀ ਤੋਂ ਟਰਾਂਸਫਰ ਕਰਨ ਦਾ ਫੈਸਲਾ ਕੀਤਾ ਹੈ।
Read More : ਆਪ ਉਮੀਦਵਾਰ ਹਰਮੀਤ ਸੰਧੂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ